ਆਸਟ੍ਰੇਲੀਆਈ ਸਿੱਖਾਂ ਵਲੋਂ ਵਿਸ਼ਵ ਜੰਗਾਂ ਨੂੰ ਸਮਰਪਿਤ ਐਨਜੈੱਕ ਡੇਅ' ਪਰੇਡ 'ਚ ਭਰਵੀਂ ਸ਼ਮੂਲੀਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਰੇਡ ਦਾ ਆਯੋਜਨ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ ਵਿਚ ਕੀਤਾ ਗਿਆ

ANZAC Parade

ਮੈਲਬੌਰਨ- ਆਸਟ੍ਰੇਲੀਆ ਵਿਚ ਵਿਸ਼ਵ ਜੰਗਾਂ ਨੂੰ ਸਮਰਪਤ 'ਐਨਜੈੱਕ ਡੇਅ' ਪਰੇਡ ਦਾ ਆਯੋਜਨ ਕਰਾਇਆ ਗਿਆ, ਜਿਸ ਵਿਚ ਸਿੱਖਾਂ ਦੀ ਅਹਿਮ ਸ਼ਮੂਲੀਅਤ ਰਹੀ। ਗ਼ੌਰਤਲਬ ਹੈ ਕਿ 'ਐੱਨਜੈੱਕ ਡੇਅ' 25 ਅਪ੍ਰੈਲ 1915 ਨੂੰ ਗਲੀ ਪੋਲੀ (ਤੁਰਕੀ) ਦੀ ਜੰਗ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੁੰਦਾ ਹੈ। ਸਿੱਖ ਫੌਜ਼ ਦੀਆਂ ਕਈ ਬਟਾਲੀਅਨਾਂ ਨੇ ਇਹਨਾ ਜੰਗਾਂ ਵਿਚ ਹਿੱਸਾ ਲਿਆ ਸੀ। ਇਸ ਖਾਸ ਪਰੇਡ ਦਾ ਆਯੋਜਨ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ ਵਿਚ ਕੀਤਾ ਗਿਆ। ਜੇਕਰ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਤਕਰੀਬਨ 83,000 ਸਿੱਖ ਸ਼ਹੀਦ ਹੋਏ ਤੇ 1,00,000 ਤੋਂ ਵੀ ਜ਼ਿਆਦਾ ਸਿੱਖ ਜ਼ਖਮੀ ਹੋਏ ਸਨ। ਆਸਟਰੇਲੀਆਈ ਲੋਕਾਂ ਨੂੰ ਸਿੱਖ ਫੌਜ਼ ਵਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਪਾਏ ਯੋਗਦਾਨ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸਿੱਖ ਫ਼ੌਜ ਵਲੋਂ ਪਾਏ ਯੋਗਦਾਨ ਤੇ ਝਾਤ ਪਾਉਂਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸਿੱਖ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਵਲੋਂ ਫੜੇ ਹੋਏ ਖਾਲਸਾਈ ਝੰਡੇ ਅਤੇ ਬੈਨਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਪੰਜਾਬੀ ਭਾਈਚਾਰੇ ਵਲੋਂ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ।