ਕੈਨੇਡਾ 'ਚ ਮੋਸਟ ਵਾਂਟੇਡ ਖ਼ਾਲਿਸਤਾਨੀ ਹਰਦੀਪ ਨਿੱਝਰ ਨੂੰ ਹਿਰਾਸਤ 'ਚ ਲੈਣ ਦੇ ਬਾਅਦ ਕੀਤਾ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਛਗਿਛ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਬਿਨਾਂ ਕਿਸੇ ਦੋਸ਼ ਦਾਇਰ ਕੀਤੇ ਛੱਡ ਦਿਤਾ ਗਿਆ

hardeep nijjar

ਉਟਾਵਾ, 27 ਅਪ੍ਰੈਲ : ਭਾਰਤ ਸਰਕਾਰ ਵਲੋਂ ਖ਼ਾਲਿਸਤਾਨੀ ਦਹਿਸ਼ਤਗਰਦ ਐਲਾਨੇ ਗਏ ਹਰਦੀਪ ਸਿੰਘ ਨਿੱਝਰ ਨੂੰ ਕੈਨੇਡੀਅਨ ਸੁਰੱਖਿਆ ਅਧਿਕਾਰੀਆਂ ਨੇ ਥੋੜ੍ਹੇ ਸਮੇਂ ਲਈ ਹਿਰਾਸਤ ਵਿਚ ਲਿਆ ਗਿਆ ਸੀ ਪਰ ਪੁਛਗਿਛ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਬਿਨਾਂ ਕਿਸੇ ਦੋਸ਼ ਦਾਇਰ ਕੀਤੇ ਛੱਡ ਦਿਤਾ ਗਿਆ। ਉਸ 'ਤੇ ਅਤਿਵਾਦੀ ਕੈਂਪ ਚਲਾਏ ਜਾਣ ਦਾ ਦੋਸ਼ ਸੀ। ਛੱਡਣ ਤੋਂ ਬਾਅਦ ਵੀ ਉਸ ਨੂੰ ਸੁਰੱਖਿਆ ਬਲਾਂ ਦੀ ਸਖਤ ਨਿਗਰਾਨੀ 'ਚ ਰੱਖਿਆ ਗਿਆ ਹੈ। 
ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੁੱਝ ਮਹੀਨੇ ਪਹਿਲਾਂ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਮੋਸਟ ਵਾਂਟੇਡ ਖਾਲਿਸਤਾਨੀ ਅਤਿਵਾਦੀਆਂ ਦੀ ਜੋ ਸੂਚੀ ਸੌਂਪੀ ਸੀ, ਉਸ 'ਚ ਨਿੱਝਰ ਦਾ ਨਾਂਅ ਵੀ ਸ਼ਾਮਲ ਸੀ।  
ਸੂਤਰਾਂ ਮੁਤਾਬਕ ਨਿੱਝਰ 'ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਸਬੰਧ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਦਾ ਵੀ ਦੋਸ਼ ਹੈ। ਪੰਜਾਬ ਪੁਲਿਸ ਨੂੰ ਜਲੰਧਰ ਵਾਸੀ ਨਿੱਝਰ ਦੀ ਕਾਫ਼ੀ ਦਿਨਾਂ ਤੋਂ ਤਲਾਸ਼ ਹੈ। ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਵਿਸਥਾਰ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿਤਾ। ਉਸ ਦੇ ਵਿਰੁਧ ਅਪ੍ਰੈਲ 2010 'ਚ ਪਟਿਆਲਾ 'ਚ ਸੱਤਿਆ ਨਾਰਾਇਣ ਮੰਦਰ ਨੇੜੇ ਬੰਬ ਰੱਖਣ ਦੋਸ਼ 'ਚ ਕੇਸ ਦਰਜ ਕੀਤਾ ਸੀ।
ਨਿੱਝਰ ਦੀ ਪੈਰਵੀ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੁਆਰਾ ਨਿੱਜੀ ਤੌਰ 'ਤੇ ਕੀਤੀ ਜਾ ਰਹੀ ਹੈ ਅਤੇ ਵੈਨਕੂਵਰ ਸਥਿਤ ਫਰਮ ਪੀਕ ਐਂਡ ਕੰਪਨੀ ਵਲੋਂ ਵੀ ਕਾਨੂੰਨੀ ਫ਼ਰਮ ਦੇ ਸੰਸਥਾਪਕ ਰਿਚਰਡ ਪੈਕ ਨੇ ਵੀ ਉਸ ਦੀ ਪੈਰਵੀ ਕੀਤੀ ਹੈ, ਜਿਨ੍ਹਾਂ ਨੇ ਏਅਰ ਇੰਡੀਆ ਦੀ ਉਡਾਨ 182, ਅਜਾਇਬ ਸਿੰਘ ਬਾਗੜੀ ਦੇ ਬੰਬ ਧਮਾਕੇ ਵਿਚ ਇਕ ਦੋਸ਼ੀ ਦੇ ਕੇਸ ਦੀ ਵੀ ਪੈਰਵੀ ਕੀਤੀ ਸੀ।