ਚੀਨ 'ਚ ਮੋਦੀ ਤੇ ਜਿਨਪਿੰਗ ਵਿਚਕਾਰ ਗੱਲਬਾਤ ਰਿਸ਼ਤੇ ਮਜ਼ਬੂਤ ਕਰਨ ਲਈ ਗ਼ੈਰ ਰਸਮੀ ਸਿਖਰ ਸੰਮੇਲਨ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਕੋਲ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਵੱਡਾ ਮੌਕਾ : ਮੋਦੀ

Modi and JinPing

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਦੋ ਦਿਨਾਂ ਦੇ ਗ਼ੈਰਰਸਮੀ ਸਿਖਰ ਸੰਮੇਲਨ ਦੇ ਹਿੱਸੇ ਵਜੋਂ ਭਾਰਤ-ਚੀਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਕਈ ਬੈਠਕਾਂ ਕੀਤੀਆਂ। ਦੋਹਾਂ ਨੇ ਇਸ ਬਾਰੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੋਵੇਂ ਦੇਸ਼ ਅਪਣੇ ਲੋਕਾਂ ਅਤੇ ਦੁਨੀਆਂ ਦੀ ਭਲਾਈ ਲਈ ਮਿਲ ਕੇ ਕੰਮ ਕਰ ਸਕਦੇ ਹਨ। ਵੁਹਾਨ 'ਚ ਸ਼ੁਰੂ ਹੋਏ ਇਸ ਸ਼ਿਖਰ ਸੰਮੇਲਨ ਨੂੰ 73 ਦਿਨਾਂ ਤਕ ਚੱਲੇ ਡੋਕਲਾਮ ਰੇੜਕੇ ਤੋਂ ਬਾਅਦ ਇਕ-ਦੂਜੇ 'ਤੇ ਭਰੋਸਾ ਬਹਾਲ ਕਰਨ ਅਤੇ ਰਿਸ਼ਤੇ ਸੁਧਾਰਨ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ। ਮੋਦੀ ਅੱਜ ਚੀਨ ਦੇ ਕੇਂਦਰ 'ਚ ਸਥਿਤ ਇਸ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ 'ਚ ਪੁੱਜੇ ਅਤੇ ਰਾਸ਼ਟਰਪਤੀ ਸ਼ੀ ਜਿਨਫ਼ਿੰਗ ਵਲੋਂ ਸ਼ਾਨਦਾਰ ਸਵਾਗਤ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰ ਦਿਤੀ। ਹੁਬੇਈ ਸੂਬਾਈ ਅਜਾਇਬ ਘਰ ਵਿਚੇ ਮੋਦੀ ਦਾ ਸਵਾਗਤ ਹੋਇਆ ਜਿਸ ਦੌਰਾਨ ਦੋਹਾਂ ਆਗੂਆਂ ਨੇ ਹੱਥ ਮਿਲਾਇਆ, ਤਸਵੀਰਾਂ ਖਿਚਵਾਈਆਂ ਅਤੇ ਕਈ ਸਭਿਆਚਾਰਕ ਪ੍ਰੋਗਰਾਮ ਵੇਖੇ। ਦੋਹਾਂ ਆਗੂਆਂ ਵਿਚਕਾਰ ਪਹਿਲਾਂ ਅੱਧੇ ਘੰਟੇ ਤਕ ਗੱਲਬਾਤ ਹੋਣੀ ਸੀ ਪਰ ਇਹ ਦੋ ਘੰਟਿਆਂ ਤਕ ਲੰਮੀ ਖਿੱਚ ਗਈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਬਾਅਦ 'ਚ ਵਫ਼ਦ ਪੱਧਰ 'ਤੇ ਵੀ ਗੱਲਬਾਤ ਹੋਈ ਜਿਸ 'ਚ ਦੋਵੇਂ ਦੇਸ਼ਾਂ ਦੇ ਛੇ ਛੇ ਉੱਚ ਅਧਿਕਾਰੀ ਸ਼ਾਮਲ ਸਨ। ਜਿਨਫ਼ਿੰਗ ਨੇ ਮੋਦੀ ਲਈ ਮਸ਼ਹੂਰ ਪੂਰਬੀ ਝੀਲ ਕਿਨਾਰੇ ਸਥਿਤ ਸਰਕਾਰੀ ਗੈਸਟ ਹਾਊਸ ਵਿਖੇ ਭੋਜ ਵੀ ਦਿਤਾ। ਗੱਲਬਾਤ ਦੌਰਾਨ ਮੋਦੀ ਨੇ ਜਿਨਫ਼ਿੰਗ ਨੂੰ ਅਗਲੇ ਸਾਲ ਭਾਰਤ 'ਚ ਵੀ ਇਕ ਗ਼ੈਰਰਸਮੀ ਸਿਖ਼ਰ ਸੰਮੇਲਨ 'ਚ ਆਉਣ ਦਾ ਸੱਦਾ ਦਿਤਾ। ਇਸ 'ਤੇ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵੇਂ ਇਸ ਤਰ੍ਹਾਂ ਦੀਆਂ ਹੋਰ ਬੈਠਕਾਂ ਕਰਦੇ ਰਿਹਾ ਕਰਨ। ਉਨ੍ਹਾਂ ਕਿਹਾ, ''ਇਸ ਨਾਲ ਆਪਸੀ ਸਮਝ 'ਚ ਵਾਧਾ ਹੋਵੇਗਾ ਅਤੇ ਭਾਰਤ-ਚੀਨ ਰਿਸ਼ਤੇ ਨਵੇਂ ਪੱਧਰ 'ਤੇ ਜਾਣਗੇ।''

ਮੋਦੀ ਨੇ ਸਦੀਆਂ ਪੁਰਾਣੀ ਭਾਰਤ-ਚੀਨ ਦੋਸਤੀ ਨੂੰ ਯਾਦ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਕੋਲ ਅਪਣੇ ਲੋਕਾਂ ਅਤੇ ਦੁਨੀਆਂ ਦੇ ਭਲੇ ਲਈ ਕੰਮ ਕਰਨ ਦਾ ਵੱਡਾ ਮੌਕਾ ਹੈ।ਜਿਨਪਿੰਗ ਨੇ ਕਿਹਾ ਕਿ ਭਾਰਤ ਅਤੇ ਚੀਨ ਦੁਨੀਆਂ ਦੇ ਵਿਕਾਸ 'ਚ ਮਹੱਤਵਪੂਰਨ ਇੰਜਣ ਹਨ ਅਤੇ ਦੁਨੀਆਂ ਦੇ ਬਹੁਪੱਖੀ ਵਿਕਾਸ ਲਈ ਦੋਵੇਂ ਦੇਸ਼ ਕੇਂਦਰੀ ਸਤੰਭ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਚੰਗੇ ਰਿਸ਼ਤੇ ਦੁਨੀਆਂ 'ਚ ਸ਼ਾਂਤੀ ਅਤੇ ਸਥਿਰਤਾ ਲਈ ਸਾਕਾਰਾਤਮਕ ਸੰਕੇਤ ਹਨ। ਜਿਨਪਿੰਗ ਦੀ ਇਹ ਟਿਪਣੀ ਕਾਫ਼ੀ ਮਹੱਤਵ ਰਖਦੀ ਹੈ ਕਿਉਂਕਿ ਇਹ ਉਸ ਵੇਲੇ ਆਈ ਹੈ ਜਦੋਂ ਅਮਰੀਕਾ ਅਤੇ ਹੋਰ ਵੱਡੀਆਂ ਅਰਥਵਿਵਸਥਾਵਾਂ ਨੇ ਅਪਣੇ ਬਚਾਅ ਦੇ ਕਈ ਕਦਮ ਚੁੱਕੇ ਹਨ। ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਿੱਛੇ ਜਿਹੇ ਐਲੂਮੀਨੀਅਮ ਅਤੇ ਸਟੀਲ 'ਤੇ ਦਰਾਮਦ ਟੈਕਸ ਸਮੇਤ 1300 ਸ਼੍ਰੇਣੀਆਂ 'ਚ ਚੀਨ ਦੇ ਉਤਪਾਦਾਂ ਨੂੰ ਮਹਿੰਗਾ ਕਰਨ ਲਈ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ। ਦੋਵੇਂ ਆਗੂ ਕਲ ਵੀ ਝੀਲ ਦੇ ਕਿਨਾਰੇ ਤੁਰਦਿਆਂ ਫਿਰਦਿਆਂ, ਕਿਸ਼ਤੀ 'ਚ ਸੈਰ ਕਰਦਿਆਂ ਅਤੇ ਦੁਪਹਿਰ ਦੇ ਖਾਣ 'ਤੇ ਵੀ ਅਪਣੀ ਗੱਲਬਾਤ ਜਾਰੀ ਰਖਣਗੇ। ਦੋਹਾਂ ਆਗੂਆਂ ਨੇ ਅਪਣੀਆਂ ਗ਼ੈਰਰਸਮੀ ਬੈਠਕਾਂ 2014 'ਚ ਸ਼ੁਰੂ ਕੀਤੀਆਂ ਸਨ ਜਦੋਂ ਮੋਦੀ ਨੇ ਗੁਜਰਾਤ ਦੇ ਸਾਬਰਮਤੀ ਆਸ਼ਰਮ 'ਚ ਜਿਨਪਿੰਗ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਆਗੂ ਲਗਭਗ ਇਕ ਦਰਜਨ ਵਾਰ ਗੱਲਬਾਤ ਕਰ ਚੁੱਕੇ ਹਨ। ਪਰ ਇਸ ਸ਼ਿਖਰ ਸੰਮੇਲਨ 'ਚ ਕੋਈ ਸਮਝੌਤੇ 'ਤੇ ਹਸਤਾਖ਼ਰ ਨਹੀਂ ਹੋਣਗੇ ਅਤੇ ਇਸ 'ਚ ਦਿਲ ਤੋਂ ਦਿਲ ਦੀ ਗੱਲ ਹੀ ਹੋਵੇਗੀ। (ਪੀਟੀਆਈ)