ਆਸਟ੍ਰੇਲੀਆ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਗਾਈ ਰੋਕ
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,23,144 ਨਵੇਂ ਮਾਮਲੇ ਦਰਜ ਕੀਤੇ ਗਏ।
ਆਸਟ੍ਰੇਲੀਆ - ਭਾਰਤ ਵਿੱਚ ਵਧ ਰਹੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ, ਆਸਟਰੇਲੀਆ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਫਲਾਈਟ 'ਤੇ ਪਾਬੰਦੀ ਲਗਾਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੰਗਲਵਾਰ ਨੂੰ ਇਹ ਫੈਸਲਾ ਕੀਤਾ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇੱਥੇ ਤਬਾਹੀ ਮਚਾਈ ਹੈ।
ਕੋਰੋਨਾ ਵਾਇਰਲ ਕਾਰਨ ਭਾਰਤ ਦੀ ਸਥਿਤੀ ਬੇਹੱਦ ਨਾਜ਼ੁਕ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,23,144 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,76,36,307 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 2771 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 1,97,894 ਤੱਕ ਪਹੁੰਚ ਗਈ ਹੈ।
ਦੱਸ ਦਈਏ ਕਿ ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 28,82,204 ਹੈ ਅਤੇ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਮਰੀਜ਼ਾਂ ਦੀ ਗਿਣਤੀ 1,45,56,209 ਹੈ। ਇਸ ਦੇ ਨਾਲ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 33,59,963 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਤੋਂ ਬਾਅਦ ਕੁੱਲ ਟੀਕਾਕਰਨ ਦਾ ਅੰਕੜਾ 14,52,71,186 ਹੋ ਗਿਆ ਹੈ।