Northwestern Nigeria News: ਉੱਤਰ-ਪੱਛਮੀ ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ
ਬੰਦੂਕਧਾਰੀਆਂ ਨੇ ਪਹਿਲਾਂ ਇਕ ਸੋਨੇ ਦੀ ਖਾਣ ਨੂੰ ਨਿਸ਼ਾਨਾ ਬਣਾਇਆ ਅਤੇ 14 ਲੋਕਾਂ ਨੂੰ ਮਾਰ ਦਿਤਾ
ਅਬੂਜਾ : ਨਾਈਜੀਰੀਆ ਦੇ ਜ਼ਮਫਾਰਾ ਰਾਜ ਦੇ ਇਕ ਪਿੰਡ ਵਿਚ ਬੰਦੂਕਧਾਰੀਆਂ ਨੇ ਘਟੋ-ਘੱਟ 20 ਲੋਕਾਂ ਦੀ ਹਤਿਆ ਕਰ ਦਿਤੀ ਅਤੇ ਦਰਜਨਾਂ ਜ਼ਖ਼ਮੀ ਕਰ ਦਿਤੇ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿਤੀ।
ਐਮਨੈਸਟੀ ਇੰਟਰਨੈਸ਼ਨਲ ਨਾਈਜੀਰੀਆ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਬੰਦੂਕਧਾਰੀ ਵੀਰਵਾਰ ਦੁਪਹਿਰ ਨੂੰ ਦਾਨ ਗੁਲਾਬੀ ਜ਼ਿਲ੍ਹੇ ਦੇ ਗੋਬੀਰਾਵਾ ਚਾਲੀ ਪਿੰਡ ਵਿਚ ਮੋਟਰਸਾਈਕਲਾਂ ’ਤੇ ਆਏ ਅਤੇ ਉੱਥੇ ਲੋਕਾਂ ’ਤੇ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ ਨੇ ਪਹਿਲਾਂ ਇਕ ਸੋਨੇ ਦੀ ਖਾਣ ਨੂੰ ਨਿਸ਼ਾਨਾ ਬਣਾਇਆ ਅਤੇ 14 ਲੋਕਾਂ ਨੂੰ ਮਾਰ ਦਿਤਾ। ਫਿਰ ਉਨ੍ਹਾਂ ਨੇ ਘਰਾਂ ਅਤੇ ਇਕ ਮਸਜਿਦ ਵਿਚ ਲੋਕਾਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਵਿਚ ਘਟੋ-ਘੱਟ 20 ਲੋਕ ਮਾਰੇ ਗਏ ਹਨ। ਹਮਲੇ ਦਾ ਸੰਭਾਵਤ ਉਦੇਸ਼ ਤੁਰਤ ਸਪੱਸ਼ਟ ਨਹੀਂ ਹੋ ਸਕਿਆ, ਪਰ ਅਜਿਹੇ ਸਮੂਹ ਸੰਘਰਸ਼ਗ੍ਰਸਤ ਉੱਤਰ ਵਿਚ ਸਮੂਹਿਕ ਕਤਲੇਆਮ ਅਤੇ ਫਿਰੌਤੀ ਲਈ ਅਗ਼ਵਾ ਕਰਨ ਲਈ ਜਾਣੇ ਜਾਂਦੇ ਹਨ। (ਏਜੰਸੀ)