Putin General Killed News: ਮਾਸਕੋ ’ਚ ਵੱਡਾ ਹਮਲਾ, ਪੁਤਿਨ ਦੇ ਜਨਰਲ ਦੀ ਬੰਬ ਧਮਾਕੇ ’ਚ ਮੌਤ
59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਕਾਰ ਵਿਚ ਧਮਾਕਾ ਹੋਣ ਕਾਰਨ ਕਾਰ ਹਵਾ ’ਚ ਕਈ ਮੀਟਰ ਉੱਡ ਗਈ।
ਮਾਸਕੋ, 26 ਅਪ੍ਰੈਲ : ਰੂਸ ਦੀ ਰਾਜਧਾਨੀ ਮਾਸਕੋ ’ਚ ਇਕ ਕਾਰ ’ਚ ਧਮਾਕਾ ਹੋਇਆ ਹੈ। ਇਸ ਧਮਾਕੇ ’ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਜਨਰਲ ਦੀ ਮੌਤ ਹੋਣ ਦੀ ਖ਼ਬਰ ਹੈ। 59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਕਾਰ ਵਿਚ ਧਮਾਕਾ ਹੋਣ ਕਾਰਨ ਕਾਰ ਹਵਾ ’ਚ ਕਈ ਮੀਟਰ ਉੱਡ ਗਈ। ਧਮਾਕੇ ਤੋਂ ਬਾਅਦ ਮੌਕੇ ’ਤੇ ਆਈਈ.ਡੀ. ਦੀ ਵਰਤੋਂ ਦੇ ਸਬੂਤ ਮਿਲੇ ਹਨ।
ਰੂਸੀ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕਾਂ ’ਚ 300 ਗ੍ਰਾਮ ਤੋਂ ਵੱਧ ਟੀਐਨਟੀ ਦੇ ਬਰਾਬਰ ਸ਼ਕਤੀ ਸੀ। ਧਮਾਕੇ ’ਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਰੂਸੀ ਮੀਡੀਆ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਕਈ ਹੋਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੈ। ਮੋਸਕਾਲਿਕ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼ ਸਨ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਨੇ ਕੀਤਾ। ਸਥਾਨਕ ਲੋਕਾਂ ਨੇ ਦਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਇਹ ਘਾਤਕ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਕੁੱਝ ਦਿਨ ਬਾਅਦ ਹੋਇਆ ਹੈ। ਵਿਟਕੌਫ ਯੂਕਰੇਨ ਜੰਗ ਨੂੰ ਖਤਮ ਕਰਨ ਲਈ ਰੂਸ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਮਾਸਕੋ ’ਚ ਹੈ। (ਏਜੰਸੀ)