ਜ਼ਮੀਨ ਖਿਸਕਣ ਕਾਰਨ 2,000 ਲੋਕ ਜ਼ਿੰਦਾ ਦਫ਼ਨ ਹੋਏ : ਪਾਪੂਆ ਨਿਊ ਗਿਨੀ ਸਰਕਾਰ
ਸਰਕਾਰ ਦਾ ਇਹ ਅੰਕੜਾ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲੋਂ ਲਗਭਗ ਤਿੰਨ ਗੁਣਾ ਹੈ
ਮੈਲਬੌਰਨ: ਪਾਪੂਆ ਨਿਊ ਗਿਨੀ ਸਰਕਾਰ ਨੇ ਕਿਹਾ ਹੈ ਕਿ ਸ਼ੁਕਰਵਾਰ ਨੂੰ ਜ਼ਮੀਨ ਖਿਸਕਣ ਕਾਰਨ ‘2,000 ਤੋਂ ਜ਼ਿਆਦਾ ਲੋਕ ਜ਼ਿੰਦਾ ਦਫ਼ਨ’ ਹੋ ਗਏ ਹਨ। ਸਰਕਾਰ ਨੇ ਕਿਹਾ ਕਿ ਉਸ ਨੇ ਰਾਹਤ ਕਾਰਜਾਂ ਲਈ ਰਸਮੀ ਤੌਰ ’ਤੇ ਕੌਮਾਂਤਰੀ ਮਦਦ ਮੰਗੀ ਹੈ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐਮ.) ਨੇ ਪਾਪੂਆ ਨਿਊ ਗਿਨੀ ’ਚ ਜ਼ਮੀਨ ਖਿਸਕਣ ਕਾਰਨ 670 ਲੋਕਾਂ ਦੀ ਮੌਤ ਦਾ ਅਨੁਮਾਨ ਲਗਾਇਆ ਸੀ। ਸਰਕਾਰ ਦਾ ਇਹ ਅੰਕੜਾ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲੋਂ ਲਗਭਗ ਤਿੰਨ ਗੁਣਾ ਹੈ।
ਐਤਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਥਾਨਕ ਕੋਆਰਡੀਨੇਟਰ ਨੂੰ ਲਿਖੀ ਚਿੱਠੀ ’ਚ ਦਖਣੀ ਪ੍ਰਸ਼ਾਂਤ ਟਾਪੂ ਦੇਸ਼ ਲਈ ਕੌਮੀ ਆਫ਼ਤ ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ‘‘2,000 ਤੋਂ ਵੱਧ ਲੋਕ ਜ਼ਿੰਦਾ ਦੱਬ ਗਏ ਅਤੇ ਵੱਡੀ ਤਬਾਹੀ’’ ਹੋਈ। ਜ਼ਮੀਨ ਖਿਸਕਣ ਤੋਂ ਬਾਅਦ ਮੌਤਾਂ ਦੇ ਅਨੁਮਾਨ ਵਿਆਪਕ ਤੌਰ ’ਤੇ ਵੱਖ-ਵੱਖ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਅਧਿਕਾਰੀਆਂ ਨੇ ਪੀੜਤਾਂ ਦੀ ਗਿਣਤੀ ਦੀ ਗਿਣਤੀ ਕਿਵੇਂ ਕੀਤੀ।
ਆਸਟਰੇਲੀਆ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿਚ ਜ਼ਮੀਨ ਖਿਸਕਣ ਵਾਲੀ ਥਾਂ ’ਤੇ ਮਦਦ ਲਈ ਜਹਾਜ਼ ਅਤੇ ਹੋਰ ਉਪਕਰਣ ਭੇਜਣ ਦੀ ਤਿਆਰੀ ਕੀਤੀ। ਪਾਪੂਆ ਨਿਊ ਗਿਨੀ ਦੇ ਪਹਾੜੀ ਇਲਾਕਿਆਂ ’ਚ ਰਾਤ ਭਰ ਹੋਈ ਬਾਰਸ਼ ਨਾਲ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜਿਸ ਕਈ ਟਨ ਮਲਬੇ ਹੇਠਾਂ ਪਿੰਡ ਵਾਸੀ ਦੱਬੇ ਹਨ ਉਹ ਖ਼ਤਰਨਾਕ ਰੂਪ ’ਚ ਅਸਥਿਰ ਹੋ ਸਕਦਾ ਹੈ।
ਆਸਟਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਸ਼ੁਕਰਵਾਰ ਤੋਂ ਪਾਪੂਆ ਨਿਊ ਗਿਨੀ ਦੇ ਅਪਣੇ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। ਦੇਸ਼ ਦੀ ਰਾਜਧਾਨੀ ਪੋਰਟ ਮੋਰਸਬੀ ਤੋਂ ਕਰੀਬ 600 ਕਿਲੋਮੀਟਰ ਉੱਤਰ-ਪੱਛਮ ’ਚ ਸਥਿਤ ਏਂਗਾ ਸੂਬੇ ’ਚ ਸ਼ੁਕਰਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜ਼ਮੀਨ ਖਿਸਕਣ ’ਚ ਮਾਰੇ ਗਏ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।