ਪਾਕਿਸਤਾਨੀ ਚੈਨਲ 'ਤੇ ਐਂਕਰ ਵਜੋਂ ਜ਼ਿੰਮੇਵਾਰੀ ਨਿਭਾਅ ਰਿਹੈ ਸਿੱਖ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਮੀਡੀਆ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਨਿਊਜ਼ ਟੀਵੀ ਚੈਨਲ 'ਤੇ ਐਂਕਰ ਨਿਯੁਕਤ ਕੀਤਾ ਗਿਆ ਸੀ....

Anchor on Pakistani channel

ਲਾਹੌਰ : ਪਾਕਿਸਤਾਨ ਦੇ ਮੀਡੀਆ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਨਿਊਜ਼ ਟੀਵੀ ਚੈਨਲ 'ਤੇ ਐਂਕਰ ਨਿਯੁਕਤ ਕੀਤਾ ਗਿਆ ਸੀ, ਜੋ ਟੀਵੀ ਚੈਨਲ 'ਤੇ ਅਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਪਾਕਿਸਤਾਨ ਵਿਚ ਪਹਿਲਾ ਸਿੱਖ ਐਂਕਰ ਹੋਣ ਕਰ ਕੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਇੰਟਰਵਿਊ ਨੂੰ ਪਾਕਿਸਤਾਨ ਦੇ ਚੈਨਲ 'ਤੇ ਵਿਖਾਇਆ ਗਿਆ ਜਿਸ ਵਿਚ ਉਹ ਦਸਤਾਰ ਸਜਾਈ ਨਜ਼ਰ ਆ ਰਹੇ ਸਨ। 

ਇਸ ਮੌਕੇ ਚੈਨਲ ਦੀ ਐਂਕਰ ਨੇ ਹਰਮੀਤ ਸਿੰਘ ਸਾਂਗਲਾ ਦਾ ਸਵਾਗਤ ਕੀਤਾ ਅਤੇ ਉਸ ਦੇ ਵਿਚਾਰ ਜਾਣਨੇ ਚਾਹੇ। ਹਰਮੀਤ ਸਿੰਘ ਸਾਂਗਲਾ ਨੇ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਹ ਦਸਤਾਰ ਸਜਾ ਕੇ ਇਸ ਤਰ੍ਹਾਂ ਚੈਨਲ 'ਤੇ ਐਂਕਰਿੰਗ ਕਰੇ ਅਤੇ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ। ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਹੱਕ ਵਿਚ ਦੁਨੀਆਂ ਭਰ ਵਿਚ ਇਕ ਵੱਡਾ ਸੰਦੇਸ਼ ਜਾਵੇਗਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਸੁਰੱਖਿਅਤ ਹਨ, ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।

ਹਰਮੀਤ ਸਿੰਘ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ 'ਚ ਪੈਂਦੇ ਜ਼ਿਲ੍ਹਾ ਸਾਂਗਲਾ ਦੇ ਕਸਬੇ ਚਕਾਸੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਉੱਤਮ ਰਾਮ ਸਿੰਘ ਹੈ। ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਲੰਮਾਂ ਸਮਾਂ ਮਲੇਸ਼ੀਆ ਵਿਚ ਰਹਿਣ ਤੋਂ ਬਾਅਦ ਹੁਣ ਹਰਮੀਤ ਸਿੰਘ ਨੇ ਪੱਕੇ ਤੌਰ 'ਤੇ ਪਾਕਿਸਤਾਨ ਵਿਚ ਰਹਿਣ ਦਾ ਮਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਤੋਂ ਇਲਾਵਾ ਸੂਬਾ ਪੇਸ਼ਾਵਰ ਦਾ ਤਰਨਜੀਤ ਸਿੰਘ ਵੀ ਕਈ ਪਾਕਿਸਤਾਨੀ ਚੈਨਲਾਂ ਲਈ ਐਂਕਰਿੰਗ ਕਰਨ ਦੇ ਨਾਲ-ਨਾਲ ਫ਼ਿਲਮਾਂ ਵਿਚ ਐਕਟਰ ਤੇ ਡਾਇਰੈਕਟਰ ਵਜੋਂ ਪ੍ਰਸਿੱਧੀ ਹਾਸਲ ਕਰ ਰਿਹਾ ਹੈ।