Canada News: ਪੰਜਾਬੀ ਨੌਜਵਾਨਾਂ ਨੂੰ ਨਕਲੀ ਬੰਦੂਕਾਂ ਨਾਲ ਖੇਡਣਾ ਪਿਆ ਮਹਿੰਗਾ, ਕੈਨੇਡਾ ਪੁਲਿਸ ਨੇ ਕੀਤੀ ਕਾਰਵਾਈ      

ਏਜੰਸੀ

ਖ਼ਬਰਾਂ, ਕੌਮਾਂਤਰੀ

ਇਨ੍ਹਾਂ 'ਚੋਂ ਇੱਕ ਨੌਜਵਾਨ ਬਾਜ਼ਾਰ 'ਚੋਂ ਨਕਲੀ ਬੰਦੂਕ ਖਰੀਦ ਲਿਆਇਆ ਤੇ ਬਾਹਰ ਬੈਠ ਕੇ ਉਸ ਨੂੰ ਸਾਫ਼ ਕਰਨ ਦਾ ਨਾਟਕ ਕਰਨ ਲੱਗਿਆ।

File Photo

Canada News:  ਵੈਨਕੂਵਰ : ਸਥਾਨਕ ਪੁਲਿਸ ਵੱਲੋਂ ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵੀ ਕਿਸੇ ਪੰਜਾਬੀ ਨੇ ਹੀ ਬਣਾਈ ਹੈ। ਜਾਣਕਾਰੀ ਅਨੁਸਾਰ ਸਰੀ ਦੇ 78-ਏ ਐਵੇਨਿਊ ਦੇ ਇੱਕ ਘਰ 'ਚ 7-8 ਪੰਜਾਬੀ ਵਿਦਿਆਰਥੀ ਰਹਿੰਦੇ ਸਨ। ਇਨ੍ਹਾਂ 'ਚੋਂ ਇੱਕ ਨੌਜਵਾਨ ਬਾਜ਼ਾਰ 'ਚੋਂ ਨਕਲੀ ਬੰਦੂਕ ਖਰੀਦ ਲਿਆਇਆ ਤੇ ਬਾਹਰ ਬੈਠ ਕੇ ਉਸ ਨੂੰ ਸਾਫ਼ ਕਰਨ ਦਾ ਨਾਟਕ ਕਰਨ ਲੱਗਿਆ।

ਗੁਆਂਢੀਆਂ ਨੇ ਬੰਦੂਕ ਅਸਲੀ ਸਮਝ ਕੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਓਧਰ ਪੁਲਿਸ ਵੀ ਮਿਟਾਂ-ਸਕਿੰਟਾਂ ਵਿਚ ਹੀ ਮੌਕੇ 'ਤੇ ਪਹੁੰਚ ਗਈ ਤੇ ਘਰ ਨੂੰ ਘੇਰਾ ਪਾ ਲਿਆ ਤੇ ਸਪੀਕਰ ਰਾਂਹੀ ਅਨਾਊਂਸਮੈਂਟ ਕਰਵਾਈ ਗਈ ਕਿ ਸਾਰੇ ਹੱਥ ਖੜੇ ਕਰ ਕੇ ਬਾਹਰ ਆ ਜਾਣ। ਉਸ ਘਰ ਵਿਚੋਂ ਜਿਵੇਂ-ਜਿਵੇਂ ਮੁੰਡੇ ਬਾਹਰ ਆਉਂਦੇ ਗਏ ਤਾਂ ਪੁਲਿਸ ਉਹਨਾਂ ਨੂੰ ਹੱਥ ਕੜੀਆਂ ਲਗਾਉਂਦੀ ਗਈ।

ਕਾਰਵਾਈ ਕਰਨ ਮਗਰੋਂ ਪੁਲਿਸ ਨੇ ਦੱਸਿਆ ਕਿ ਘਰ 'ਚੋਂ ਨਕਲੀ ਬੰਦੂਕਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿਚੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਕੋਈ ਗਲਤ ਇਰਾਦਾ ਤਾਂ ਨਹੀਂ ਸੀ। ਪੁਲਿਸ ਨੇ ਕਿਹਾ ਕਿ ਵੀਡੀਓ ਤੋਂ ਇੱਦਾਂ ਲੱਗਦਾ ਹੈ ਕਿ ਵੀਡੀਓ ਕਿਸੇ ਪੰਜਾਬੀ ਨੇ ਹੀ ਬਣਾਈ ਹੈ ਕਿਉਂਕਿ ਵੀਡੀਓ ਵਿਚ ਉਹ ਕਿਸੇ ਨਾਲ ਪੰਜਾਬੀ ਵਿਚ ਗੱਲ ਕਰਦਾ ਸੁਣਾਈ ਦੇ ਰਿਹਾ ਹੈ।