Pakistan News: ਲਹਿੰਦੇ ਪੰਜਾਬ ਦੀ ਸਰਕਾਰ ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰੇਗੀ
ਇਸ ਮੂਰਤੀ ਨੂੰ ਕੱਟੜਪੰਥੀਆਂ ਨੇ ਦੋ ਵਾਰ ਨੁਕਸਾਨ ਪਹੁੰਚਾਇਆ ਸੀ, ਜਿਸ ਦੀ ਮੁਰੰਮਤ ਕਰ ਕੇ ਹੁਣ ਇਥੇ ਇਕ ਵਾਰ ਫਿਰ ਸਥਾਪਤ ਕੀਤਾ ਜਾਵੇਗਾ।
Pakistan News: ਪਾਕਿਸਤਾਨ ਦੇ ਪੰਜਾਬ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵੇਖਣ ਲਈ ਬੁਧਵਾਰ ਨੂੰ ਕਰਤਾਰਪੁਰ ਸਾਹਿਬ ਵਿਖੇ ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰੇਗੀ। ਇਸ ਮੂਰਤੀ ਨੂੰ ਕੱਟੜਪੰਥੀਆਂ ਨੇ ਦੋ ਵਾਰ ਨੁਕਸਾਨ ਪਹੁੰਚਾਇਆ ਸੀ, ਜਿਸ ਦੀ ਮੁਰੰਮਤ ਕਰ ਕੇ ਹੁਣ ਇਥੇ ਇਕ ਵਾਰ ਫਿਰ ਸਥਾਪਤ ਕੀਤਾ ਜਾਵੇਗਾ।
ਕਰਤਾਰਪੁਰ ਸਾਹਿਬ, ਜਿਸ ਨੂੰ ਗੁਰਦੁਆਰਾ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ, ਲਾਹੌਰ ਤੋਂ ਲਗਭਗ 150 ਕਿਲੋਮੀਟਰ ਉੱਤਰ-ਪੂਰਬ ’ਚ ਭਾਰਤ ਨਾਲ ਲਗਦੀ ਸਰਹੱਦ ਦੇ ਨੇੜੇ ਸਥਿਤ ਹੈ। ਮਹਾਰਾਜਾ ਰਣਜੀਤ ਸਿੰਘ ਦਾ 9 ਫੁੱਟ ਉੱਚਾ ਕਾਂਸੀ ਦਾ ਬੁੱਤ ਪਹਿਲੀ ਵਾਰ 2019 ਵਿਚ ਲਾਹੌਰ ਦੇ ਕਿਲ੍ਹੇ ਵਿਚ ਉਨ੍ਹਾਂ ਦੇ ਮਕਬਰੇ ਦੇ ਨੇੜੇ ਸਥਾਪਤ ਕੀਤਾ ਗਿਆ ਸੀ ਪਰ ਸੱਜੇ ਪੱਖੀ ਇਸਲਾਮਿਕ ਸਿਆਸੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਕਾਰਕੁਨਾਂ ਨੇ ਦੋ ਵਾਰ ਇਸ ਨੂੰ ਨੁਕਸਾਨ ਪਹੁੰਚਾਇਆ ਸੀ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਦੇ ਚੇਅਰਮੈਨ ਅਤੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ, ‘‘ਅਸੀਂ ਬੁਧਵਾਰ ਦੁਪਹਿਰ ਨੂੰ ਸਥਾਨਕ ਅਤੇ ਭਾਰਤੀ ਸਿੱਖਾਂ ਦੀ ਮੌਜੂਦਗੀ ’ਚ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਨੇੜੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਜਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਮੁਰੰਮਤ ਕੀਤੀ ਗਈ ਮੂਰਤੀ ਸਥਾਪਤ ਕੀਤੀ ਜਾ ਰਹੀ ਹੈ ਤਾਂ ਜੋ ਇਥੇ ਆਉਣ ਵਾਲੇ ਭਾਰਤੀ ਸਿੱਖ ਵੀ ਇਸ ਨੂੰ ਵੇਖ ਸਕਣ। ਅਰੋੜਾ ਨੇ ਬਹਾਲ ਕੀਤੀ ਗਈ ਮੂਰਤੀ ਨੂੰ ਬਿਹਤਰ ਸੁਰੱਖਿਆ ਦੇਣ ਦਾ ਵੀ ਭਰੋਸਾ ਦਿਤਾ।