ਏਅਰ ਨਿਊਜ਼ੀਲੈਂਡ ਵਿਚ ਚਮਕੇਗਾ 19 ਸਾਲਾ ਸੂਰਜ ਸਿੰਘ, ਬਣਿਆ ‘ਕਸਟਮਰ ਸਰਵਿਸ ਏਜੰਟ’
ਪੜ੍ਹਾਈ ਦੇ ਨਾਲ-ਨਾਲ-ਨੌਕਰੀ ਵੀ ਪ੍ਰਾਪਤ ਕੀਤੀ
ਆਕਲੈਂਡ : ਪੰਜਾਬ ਦੇ ਜਾਏ ਜਿਥੇ ਮਿਹਨਤ, ਮੁਸ਼ੱਕਤ, ਪੜ੍ਹਾਈ-ਲਿਖਾਈ, ਸਿਆਣਪ-ਲਿਆਕਤ, ਪੁਰਖਿਆਂ ਦੇ ਪਾਏ ਪੂਰਨਿਆਂ, ਧਰਮ ਤੇ ਵਿਰਸੇ ਦੇ ਜ਼ਜ਼ਬੇ ਨਾਲ ਦੇਸ਼-ਵਿਦੇਸ਼ ਅੱਗੇ ਵਧਦੇ ਰਹਿੰਦੇ ਹਨ ਉਥੇ ਸਾਡੀ ਵਿਦੇਸ਼ੀ ਜਨਮੀ ਨਵੀਂ ਪੀੜ੍ਹੀ ਵੀ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਪੂਰੀ ਕਰ ਕੇ ਉਚ ਕੰਪਨੀਆਂ ਅਤੇ ਉਚ ਨੌਕਰੀਆਂ ਦੀ ਕਤਾਰ ਵਿਚ ਸ਼ਾਮਲ ਹੋ ਰਹੀ ਹੈ।। ਮੈਨੁਰਵਾ ਨਿਵਾਸੀ ਮਹਾਰਾਜ ਸਿੰਘ ਦਾ ਪੋਤਰਾ ਅਤੇ ਸ਼ੇਰ ਸਿੰਘ ਮਾਣਕਢੇਰੀ ਦਾ 19 ਸਾਲਾ ਬੇਟਾ ਸੂਰਜ ਸਿੰਘ ਜਿਥ ਅਜੇ ਆਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਤੋਂ ਬੈਚਲਰ ਆਫ ਬਿਜ਼ਨਸ (ਹਿਊਮਨ ਰੀਸੋਰਸਜ਼ ਅਤੇ ਇੰਪਲਾਈਮੈਂਟ ਰੀਲੇਸ਼ਨ) ਦੀ ਪੜ੍ਹਾਈ ਕਰ ਰਿਹਾ ਹੈ ਉਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਅਪਣੀ ਨੌਕਰੀ ਸ਼ੁਰੂ ਕਰ ਕੇ ਅਪਣੀ ਪਹੁੰਚ ਨਿਊਜ਼ੀਲੈਂਡ ਦੀ ਵਕਾਰੀ ਏਅਰ ਲਾਈਨ ‘ਏਅਰ ਨਿਊਜ਼ੀਲੈਂਡ’ ਵਿਚ ‘ਕਸਟਮਰ ਸਰਵਿਸ ਏਜੰਟ’ ਤਕ ਬਣਾ ਲਈ ਹੈ।
ਹੁਣ ਨੌਜਵਾਨ ਸੂਰਜ ਸਿੰਘ ‘ਡਿਲੇਅਡ ਬੈਗੇਜ਼ ਕਲੇਮ ਪ੍ਰੋਸੈਸ’ (ਲੇਟ ਅੱਪੜਨ ਵਾਲੇ ਅਟੈਚੀ) ਖੇਤਰ ਵਿਚ ‘ਬੈਗੇਜ ਟਰੇਸਿੰਗ ਯੂਨਿਟ’ ਵਿਖੇ ਯਾਤਰੀਆਂ ਦੀ ਸਹਾਇਤਾ ਕਰਦਾ ਮਿਲਿਆ ਕਰੇਗਾ। ਵਰਨਣਯੋਗ ਹੈ ਕਿ ਜਦੋਂ ਕਿਸੇ ਦੇ ਬੈਗੇਜ ਆਦਿ ਨਹੀਂ ਮਿਲਦੇ ਤਾਂ ਉਸ ਦੀ ਰਿਪੋਰਟ ਲਿਖਣੀ ਹੁੰਦੀ ਹੈ, ਯਾਤਰੀਆਂ ਨੂੰ ਬੈਗਾਂ ਬਾਰੇ ਪਤਾ ਕਰ ਕੇ ਦਸਣਾ ਹੁੰਦਾ ਹੈ ਅਤੇ ਜੋ ਟੈਗ ਲੱਗੇ ਹੁੰਦੇ ਹਨ, ਉਹ ਗਵਾਚ ਜਾਣ ਤਾਂ ਵੀ ਕਈ ਵਾਰ ਲਿਖਾ-ਪੜ੍ਹੀ ਦੀ ਲੋੜ ਪੈਂਦੀ ਹੈ ਅਤੇ ਯਾਤਰੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਹ ਨੌਜਵਾਨ ਅਜਿਹੇ ਸਾਰੇ ਕੰਮ ਉਥੇ ਕਰਦਾ ਹੋਇਆ ਨਜ਼ਰ ਆਇਆ ਕਰੇਗਾ। ਛੋਟੀ ਉਮਰੇ ਵੱਡੀਆਂ ਕੰਪਨੀਆਂ ਦੇ ਵਿਚ ਦਾਖ਼ਲ ਹੋਣਾ ਉਸ ਦੇ ਉਜਲੇ ਭਵਿੱਖ ਦੀ ਭਵਿੱਖਬਾਣੀ ਹੈ।