Congo News : ਪੂਰਬੀ ਕਾਂਗੋ ਵਿਚ ਗਿਰਜਾਘਰ ਉਤੇ ਵੱਡਾ ਹਮਲਾ, 34 ਲੋਕਾਂ ਦੀ ਮੌਤ
Congo News : ਇਸਲਾਮਿਕ ਸਟੇਟ ਸਮਰਥਿਤ ਵਿਦਰੋਹੀਆਂ ਨੇ ਕੀਤਾ ਹਮਲਾ, ਕਈ ਘਰਾਂ ਅਤੇ ਦੁਕਾਨਾਂ ਨੂੰ ਵੀ ਸਾੜ ਦਿਤਾ ਗਿਆ
Goma (Congo) News in Punjabi : ਪੂਰਬੀ ਕਾਂਗੋ ’ਚ ਇਸਲਾਮਿਕ ਸਟੇਟ ਸਮਰਥਿਤ ਵਿਦਰੋਹੀਆਂ ਵਲੋਂ ਇਕ ਕੈਥੋਲਿਕ ਚਰਚ ਉਤੇ ਕੀਤੇ ਗਏ ਹਮਲੇ ’ਚ ਘੱਟ ਤੋਂ ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ।
ਇਤੂਰੀ ਸੂਬੇ ਦੇ ਕੋਮਾਂਡਾ ਵਿਚ ਸਿਵਲ ਸੁਸਾਇਟੀ ਦੇ ਕੋਆਰਡੀਨੇਟਰ ਡਿਊਡੋਨੇ ਡੁਰਾਂਥਾਬੋ ਨੇ ਦਸਿਆ, ‘‘ਮ੍ਰਿਤਕਾਂ ਦੀਆਂ ਲਾਸ਼ਾਂ ਅਜੇ ਵੀ ਘਟਨਾ ਵਾਲੀ ਥਾਂ ਉਤੇ ਹਨ ਅਤੇ ਵਲੰਟੀਅਰ ਤਿਆਰੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਕ ਸਮੂਹਕ ਕਬਰ ਵਿਚ ਕਿਵੇਂ ਦਫਨਾਇਆ ਜਾਵੇ, ਜਿਸ ਨੂੰ ਅਸੀਂ ਕੈਥੋਲਿਕ ਚਰਚ ਦੇ ਕੰਪਲੈਕਸ ਵਿਚ ਤਿਆਰ ਕਰ ਰਹੇ ਹਾਂ।’’
ਇਸ ਤੋਂ ਪਹਿਲਾਂ ਨੇੜਲੇ ਪਿੰਡ ਮਾਚੋਂਗਾਨੀ ਉਤੇ ਹੋਏ ਹਮਲੇ ’ਚ ਵੀ ਘੱਟੋ-ਘੱਟ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਸੀ, ਜਿੱਥੋਂ ਭਾਲ ਜਾਰੀ ਹੈ। ਇਤੂਰੀ ਦੇ ਸਿਵਲ ਸੁਸਾਇਟੀ ਨੇਤਾ ਲੋਸਾ ਢੇਕਾਨਾ ਨੇ ਕਿਹਾ, ‘‘ਉਹ ਕਈ ਲੋਕਾਂ ਨੂੰ ਝਾੜੀਆਂ ਵਿਚ ਲੈ ਗਏ। ਸਾਨੂੰ ਉਨ੍ਹਾਂ ਦੀ ਮੰਜ਼ਿਲ ਜਾਂ ਉਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਹੈ।’’
ਮੰਨਿਆ ਜਾ ਰਿਹਾ ਹੈ ਕਿ ਦੋਵੇਂ ਹਮਲੇ ਅਲਾਈਡ ਡੈਮੋਕ੍ਰੇਟਿਕ ਫੋਰਸ (ਏ.ਡੀ.ਐਫ.) ਦੇ ਮੈਂਬਰਾਂ ਨੇ ਬੰਦੂਕਾਂ ਅਤੇ ਚਾਕੂਆਂ ਨਾਲ ਲੈਸ ਹੋ ਕੇ ਕੀਤੇ ਸਨ।
ਫੌਜ ਨੇ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਜਦਕਿ ਸਥਾਨਕ ਮੀਡੀਆ ਰੀਪੋਰਟਾਂ ਵਿਚ ਮਰਨ ਵਾਲਿਆਂ ਦੀ ਕੁਲ ਗਿਣਤੀ 40 ਤੋਂ ਵੱਧ ਦੱਸੀ ਗਈ ਹੈ।
ਦੁਰਾਂਥਾਬੋ ਨੇ ਦਸਿਆ ਕਿ ਹਮਲਾਵਰਾਂ ਨੇ ਰਾਤ ਕਰੀਬ ਇਕ ਵਜੇ ਕੋਮਾਂਡਾ ਕਸਬੇ ਦੇ ਚਰਚ ਉਤੇ ਹਮਲਾ ਕੀਤਾ। ਕਈ ਘਰਾਂ ਅਤੇ ਦੁਕਾਨਾਂ ਨੂੰ ਵੀ ਸਾੜ ਦਿਤਾ ਗਿਆ।
ਇਤੂਰੀ ਸੂਬੇ ਵਿਚ ਕਾਂਗੋ ਦੀ ਫੌਜ ਦੇ ਬੁਲਾਰੇ ਲੈਫਟੀਨੈਂਟ ਜੂਲਸ ਨਗੋਂਗੋ ਨੇ ਗਿਰਜਾਘਰ ਹਮਲੇ ਵਿਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਆਨਲਾਈਨ ਸਾਂਝੀ ਕੀਤੀ ਗਈ ਘਟਨਾ ਦੀ ਵੀਡੀਉ ਫੁਟੇਜ ਵਿਚ ਚਰਚ ਦੇ ਫਰਸ਼ ਉਤੇ ਸੜਦੇ ਢਾਂਚੇ ਅਤੇ ਲਾਸ਼ਾਂ ਵਿਖਾਈ ਦੇ ਰਹੀਆਂ ਹਨ। ਜਿਹੜੇ ਲੋਕ ਕੁੱਝ ਪੀੜਤਾਂ ਦੀ ਪਛਾਣ ਕਰਨ ਦੇ ਯੋਗ ਸਨ, ਉਹ ਰੋ ਰਹੇ ਸਨ ਜਦਕਿ ਹੋਰ ਸਦਮੇ ਵਿਚ ਖੜ੍ਹੇ ਸਨ।
ਸੰਯੁਕਤ ਰਾਸ਼ਟਰ ਸਮਰਥਿਤ ਇਕ ਰੇਡੀਓ ਸਟੇਸ਼ਨ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ 43 ਲੋਕਾਂ ਦੀ ਮੌਤ ਹੋ ਗਈ। ਇਸ ਵਿਚ ਕਿਹਾ ਗਿਆ ਹੈ ਕਿ ਹਮਲਾਵਰ ਕੋਮਾਂਡਾ ਦੇ ਕੇਂਦਰ ਤੋਂ ਲਗਭਗ 12 ਕਿਲੋਮੀਟਰ (7 ਮੀਲ) ਦੂਰ ਇਕ ਗੜ੍ਹ ਤੋਂ ਆਏ ਸਨ ਅਤੇ ਸੁਰੱਖਿਆ ਬਲਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਏ। ਦੁਰਾਂਥਾਬੋ ਨੇ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਜਲਦੀ ਤੋਂ ਜਲਦੀ ਫੌਜੀ ਦਖਲ ਦੀ ਮੰਗ ਕੀਤੀ ਕਿਉਂਕਿ ਦੁਸ਼ਮਣ ਅਜੇ ਵੀ ਸ਼ਹਿਰ ਦੇ ਨੇੜੇ ਹਨ।
ਪੂਰਬੀ ਕਾਂਗੋ ਨੂੰ ਹਾਲ ਹੀ ਦੇ ਸਾਲਾਂ ਵਿਚ ਏ.ਡੀ.ਐਫ. ਅਤੇ ਰਵਾਂਡਾ ਸਮਰਥਿਤ ਵਿਦਰੋਹੀਆਂ ਸਮੇਤ ਹਥਿਆਰਬੰਦ ਸਮੂਹਾਂ ਵਲੋਂ ਘਾਤਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਏ.ਡੀ.ਐਫ., ਜਿਸ ਦੇ ਇਸਲਾਮਿਕ ਸਟੇਟ ਨਾਲ ਸਬੰਧ ਹਨ, ਯੂਗਾਂਡਾ ਅਤੇ ਕਾਂਗੋ ਦੇ ਵਿਚਕਾਰ ਸਰਹੱਦੀ ਖੇਤਰ ਵਿਚ ਕੰਮ ਕਰਦਾ ਹੈ ਅਤੇ ਅਕਸਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਸਮੂਹ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇਤੂਰੀ ਵਿਚ ਦਰਜਨਾਂ ਲੋਕਾਂ ਦੀ ਹੱਤਿਆ ਕਰ ਦਿਤੀ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਖੂਨੀ ਜੰਗ ਦਸਿਆ ਸੀ।
ਏ.ਡੀ.ਐਫ. ਦਾ ਗਠਨ 1990 ਦੇ ਦਹਾਕੇ ਦੇ ਅਖੀਰ ਵਿਚ ਯੂਗਾਂਡਾ ਵਿਚ ਵੱਖ-ਵੱਖ ਛੋਟੇ ਸਮੂਹਾਂ ਵਲੋਂ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨਾਲ ਕਥਿਤ ਅਸੰਤੁਸ਼ਟੀ ਤੋਂ ਬਾਅਦ ਕੀਤਾ ਗਿਆ ਸੀ।
ਸਾਲ 2002 ’ਚ ਯੂਗਾਂਡਾ ਦੀਆਂ ਫੌਜਾਂ ਦੇ ਫੌਜੀ ਹਮਲਿਆਂ ਤੋਂ ਬਾਅਦ ਇਸ ਸਮੂਹ ਨੇ ਅਪਣੀਆਂ ਗਤੀਵਿਧੀਆਂ ਗੁਆਂਢੀ ਕਾਂਗੋ ’ਚ ਤਬਦੀਲ ਕਰ ਦਿਤੀ ਆਂ ਸਨ ਅਤੇ ਉਦੋਂ ਤੋਂ ਹਜ਼ਾਰਾਂ ਨਾਗਰਿਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਹੈ। ਸਾਲ 2019 ’ਚ ਇਸ ਨੇ ਇਸਲਾਮਿਕ ਸਟੇਟ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ।
ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਐਫ.ਏ.ਆਰ.ਡੀ.ਸੀ.) ਦੀ ਆਰਮਡ ਫੋਰਸਿਜ਼, ਜੋ ਲੰਮੇ ਸਮੇਂ ਤੋਂ ਬਾਗ਼ੀ ਸਮੂਹ ਵਿਰੁਧ ਸੰਘਰਸ਼ ਕਰ ਰਹੀ ਹੈ, ਰਵਾਂਡਾ ਸਮਰਥਿਤ ਐਮ 23 ਵਿਚਾਲੇ ਦੁਸ਼ਮਣੀ ਤੋਂ ਬਾਅਦ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ।
(For more news apart from Major attack on church in eastern Congo, 34 people killed News in Punjabi, stay tuned to Rozana Spokesman)