ਚੀਨ ਨੇ ਵਿਵਾਦਤ ਸਮੁੰਦਰੀ ਖੇਤਰ 'ਚ 'ਕੈਰੀਅਰ ਮਿਜ਼ਾਈਲ' ਦਾਗ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸੁਰੱਖਿਆ ਬਲਾਂ 'ਤੇ ਹਮਲੇ ਲਈ ਬਣਾਈ ਗਈ ਕੈਰੀਅਰ ਮਿਜ਼ਾਈਲ

image

ਬੀਜਿੰਗ, 27 ਅਗੱਸਤ : ਚੀਨੀ ਫ਼ੌਜ ਨੇ ਦਖਣੀ ਚੀਨ ਸਾਗਰ 'ਚ ਦੋ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਜਿਸ 'ਚ ਇਕ ''ਕੈਰੀਅਰ ਮਿਜ਼ਾਈਲ'' ਸ਼ਾਮਲ ਸੀ। ਫ਼ੌਜ ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ ਅਮਰੀਕੀ ਸੁਰੱਖਿਆ ਬਲਾਂ 'ਤੇ ਹਮਲੇ ਲਈ ਵਿਕਸਿਤ ਕੀਤਾ ਗਿਆ ਹੋ ਸਕਦਾ ਹੈ। ਇਕ ਸਮਾਚਾਰ ਪੱਤਰ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ 'ਚ ਇਹ ਜਾਣਕਾਰੀ ਦਿਤੀ ਗਈ।


ਹਾਂਗਕਾਂਗ ਦੇ ਸਾਉਥ ਚਾਈਨਾ ਮਾਰਨਿੰਗ ਪੋਸਟ ਸਮਾਚਾਰ ਪੱਤਰ ਨੇ ਚੀਨੀ ਫ਼ੌਜ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿਤੀ ਕਿ ਡੀਐਫ਼-26ਬੀ ਅਤੇ ਡੀਐਫ਼-21 ਡੀ ਮਿਜ਼ਾਈਲਾਂ ਨੂੰ ਬੁਧਵਾਰ ਨੂੰ ਦਖਣੀ ਟਾਪੂ ਸੂਬੇ ਹੈਨਾਨ ਅਤੇ ਪਾਰਸਲ ਟਾਪੂ ਸਮੂਹਾਂ ਦੇ ਦਰਮਿਆਨੇ ਇਲਾਕਿਆਂ 'ਚ ਦਾਗਿਆ ਗਿਆ।
ਵਿਸ਼ਵ ਦੇ ਸੱਭ ਤੋਂ ਵਿਅਸਤ ਵਪਾਰ ਮਾਰਗ 'ਚੋਂ ਇਕ, ਦਖਣੀ ਚੀਨ ਸਾਗਰ 'ਤੇ ਕੰਟਰੋਲ ਨੂੰ ਲੈ ਕੇ ਵਧਦੇ ਵਿਵਾਦ ਬੀਜਿੰਗ ਦੇ ਵਾਸ਼ਿੰਗਟਨ ਅਤੇ ਉਸ ਦੇ ਦਖਣੀ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ 'ਚ ਲਗਾਤਾਰ ਕੜਵਾਹਟ ਪੈਦਾ ਕਰ ਰਿਹਾ ਹੈ।

image


ਟਰੰਪ ਪ੍ਰਸ਼ਾਸ਼ਨ ਨੇ ਵਿਵਾਦਤ ਖੇਤਰ 'ਚ ਜ਼ਿਆਦਾਤਰ ਹਿੱਸੇ 'ਤੇ ਪ੍ਰਭੁਸੱਤਾ ਦੇ ਬੀਜਿੰਗ ਦੇ ਦਾਅਵਿਆਂ ਨੂੰ ਇਸ ਸਾਲ ਖ਼ਾਰਿਜ਼ ਕਰ ਦਿਤਾ ਸੀ। ਇਸ ਦੇ ਕੁਝ ਹਿੱਸਿਆਂ 'ਤੇ ਵਿਅਤਨਾਮ, ਫ਼ਿਲੀਪੀਨ ਅਤੇ ਹੋਰ ਦੇਸ਼ ਦੀ ਸਰਕਾਰਾਂ ਵੀ ਦਾਅਵਾ ਕਰਦੀ ਹੈ। ਖ਼ਬਰ 'ਚ ਦਸਿਆ ਗਿਆ ਕਿ ਡੀਐਫ਼-26 ਬੀ ਨੂੰ ਉਤਰੀ ਪਛਮੀ ਸੂਬੇ ਕਿੰਗਹਾਈ ਤੋਂ ਜਦੋਂਕਿ ਡੀਐਫ਼-21ਡੀ ਨੂੰ ਪੂਰਵੀ ਤਟ 'ਤੇ ਸ਼ੰਘਾਈ ਦੇ ਦਖਣੀ 'ਚ ਸਥਿਤ ਜੇਝਿਆਂਗ ਸੂਬੇ ਤੋਂ ਲਾਂਚ ਕੀਤਾ ਗਿਆ। (ਪੀਟੀਆਈ)

ਅਮਰੀਕੀ ਜਾਸੂਸੀ ਜਹਾਜ਼ ਦੀ ਕਾਰਵਾਈ ਦਾ ਲਿਆ ਬਦਲਾ


ਇਹ ਪ੍ਰੀਖਣ ਚੀਨ ਦੀ ਉਸ ਸ਼ਿਕਾਇਤ ਦੇ ਬਾਅਦ ਕੀਤੇ ਗਏ ਹਨ ਜਿਸ 'ਚ ਉਸ ਨੇ ਕਿਹਾ ਸੀ ਕਿ ਅਮਰੀਕੀ ਯੂ2 ਜਾਸੂਸੀ ਜਹਾਜ਼ ਬੀਜਿੰਗ ਵਲੋਂ ਐਲਾਨੇ 'ਨੋ ਫ਼ਲਾਈ ਜ਼ੋਨ' 'ਚ ਵੜ ਆਇਆ ਸੀ। ਮਾਹਰ ਇਸ ਨੂੰ ਅਮਰੀਕਾ ਵਲੋਂ ਕੀਤੀ ਗਈ ਜਾਸੂਸੀ ਕਾਰਵਾਈ ਦਾ ਬਦਲਾ ਦੱਸ ਰਹੇ ਹਨ। ਡੀਐਫ਼-21 ਦਾ ਨਿਸ਼ਾਨਾ ਅਸਾਧਾਰਨ ਤੌਰ 'ਤੇ ਪੱਕਾ ਹੁੰਦਾ ਹੈ ਅਤੇ ਇਸ ਨੂੰ ਫ਼ੌਜ ਮਾਹਰ ''ਕੈਰੀਅਰ ਕਿਲਰ'' ਕਹਿੰਦੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਉਨ੍ਹਾਂ ਅਮਰੀਕੀ ਏਅਰਲਾਇੰਸ ਨੂੰ ਨਿਸ਼ਾਨਾ ਬਣਾਉਣ ਲਈ ਵਿਕਸਿਤ ਕੀਤਾ ਗਿਆ ਹੈ ਜੋ ਚੀਨ ਨਾਲ ਸੰਭਾਵਿਤ ਜੰਗ 'ਚ ਸ਼ਾਮਲ ਹੋ ਸਕਦੇ ਹਨ।