Canada ਨੇ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ’ਚ ਕੀਤੀ ਵੱਡੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੀਜ਼ਾ ਦਰ 66 ਫ਼ੀ ਸਦੀ ਤੋਂ ਘਟ ਕੇ 32 ਫ਼ੀ ਸਦੀ ’ਤੇ ਆਈ

Canada makes major cut in study visas for Indian students

ਚੰਡੀਗੜ੍ਹ : ਅਮਰੀਕਾ ਵਲੋਂ ਭਾਰਤੀਆਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇਕ ਵਾਰੀ ਮੁੜ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦਾ ਅੰਦਾਜਾ ਇਸ ਗੱਲ ਤੋਂ ਲਗਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ’ਚ ਭਾਰੀ ਕਮੀ ਕਰ ਦਿੱਤੀ ਹੈ। ਕੈਨੇਡਾਈ ਨਾਗਰਿਕਤਾ ਤੇ ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ਼ 17,885 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ। ਜਦਕਿ ਇਸੇ ਸਮੇਂ ਦੌਰਾਨ 2024 ਵਿਚ 55,660 ਵੀਜ਼ੇ ਜਾਰੀ ਕੀਤੇ ਗਏ ਸਨ। ਇਸ ’ਚ 66 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਸਮੇਂ ਦੌਰਾਨ ਜਾਰੀ ਕੁਲ ਸਟੱਡੀ ਵੀਜ਼ਿਆਂ ’ਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਪਿਛਲੇ ਸਾਲ ਦੇ 45 ਫ਼ੀਸਦੀ ਤੋਂ ਘੱਟ ਕੇ ਇਸ ਸਾਲ 32 ਫ਼ੀਸਦੀ ’ਤੇ ਆ ਗਈ।

ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲੀਆ ਸਾਲਾਂ ’ਚ ਖਾਸੇ ਤਣਾਅਪੂਰਣ ਹੋ ਗਏ ਹਨ। ਭਾਰਤ ਲੰਬੇ ਸਮੇਂ ਤੋਂ ਕੈਨੇਡਾ ’ਤੇ ਦੋਸ਼ ਲਗਾਉਂਦਾ ਆ ਰਿਹਾ ਹੈ ਕਿ ਉਹ ਗਰਮਖਿਆਲੀ ਸਮਰਥਕ ਸੰਗਠਨਾਂ ਨੂੰ ਖੁੱਲ੍ਹੀ ਛੋਟ ਦਿੰਦਾ ਹੈ, ਜਿਹੜੇ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਹਨ। ਸਤੰਬਰ 2023 ’ਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁੱਲ੍ਹੇਆਮ ਭਾਰਤ ’ਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕੈਨੇਡਾ ’ਤੇ ਅੱਤਵਾਦੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ। ਇਸਦੇ ਬਾਅਦ ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਕੂਟਨੀਤਕਾਂ ਨੂੰ ਬਰਖਾਸਤ ਕੀਤਾ ਤੇ ਵਪਾਰ ਤੇ ਵੀਜ਼ਾ ਸਬੰਧਾਂ ’ਤੇ ਵੀ ਅਸਰ ਪਿਆ।

ਅੰਕੜਿਆਂ ਅਨੁਸਾਰ ਜਨਵਰੀ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੁੱਲ ਸਟਡੀ ਪਰਮਿਟ 99,950 ਤੋਂ ਘੱਟ ਕੇ 47,695 ਰਹਿ ਗਏ। ਉੱਥੇ ਹੀ ਕੁੱਲ ਮਿਲਾ ਕੇ ਕੈਨੇਡਾ ਵਲੋਂ ਜਾਰੀ ਸਾਰੇ ਸਟੱਡੀ ਪਰਮਿਟਾਂ ਦੀ ਗਿਣਤੀ 245,055 ਤੋਂ ਘੱਟ ਕੇ 149,860 ਹੋ ਗਈ। ਯਾਨੀ ਲਗਪਗ ਇਕ ਲੱਖ ਦੀ ਕਮੀ। ਮਾਹਿਰਾਂ ਦੇ ਮੁਤਾਬਕ, ਇਹ ਗਿਰਾਵਟ ਕੈਨੇਡਾ ਦੀਆਂ ਸਖਤ ਨੀਤੀਆਂ ਦਾ ਨਤੀਜਾ ਹੈ।

ਕੈਨੇਡਾ ਸਰਕਾਰ ਦੀ ਨਵੀਂ ਪਾਲਿਸੀ ਦੇ 2025 ’ਚ ਸਟਡੀ ਪਰਮਿਟ ਦੀ ਵੱਧ ਤੋਂ ਵੱਧ ਹੱਦ 4,37,000 ਤੈਅ ਕੀਤੀ ਗਈ ਹੈ, ਜਿਹੜੀ 2024 ਦੇ ਟੀਚੇ 4,85,000 ਤੋਂ ਘੱਟ ਹੈ। ਇਹ ਨਵੀਂ ਹੱਦ 2026 ’ਤੇ ਵੀ ਲਾਗੂ ਹੋਵੇਗੀ। ਜਨਵਰੀ 2024 ਤੋਂ ਨਵੇਂ ਨਿਯਮਾਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵਿੱਤੀ ਵਸੀਲਿਆਂ ਦਾ ਸਬੂਤ ਦੇਣਾ ਪਵੇਗਾ, ਜਿਸ ਨਾਲ ਅਰਜ਼ੀਆਂ ਔਖੀਆਂ ਹੋ ਗਈਆਂ ਹਨ। ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟਰੈਂਡ ਆਉਣ ਵਾਲੇ ਮਹੀਨਿਆਂ ’ਚ ਵੀ ਜਾਰੀ ਰਹਿ ਸਕਦਾ ਹੈ, ਜਿਸ ਨਾਲ ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਹੋਰ ਪ੍ਰਭਾਵਿਤ ਹੋ ਸਕਦਾ ਹੈ।