cancer ਜਾਂਚ ਵਿਚ ਹੋ ਰਹੀ ਦੇਰੀ ਉਤਰ ਭਾਰਤ ’ਚ ਬਣ ਰਹੀ ਮੌਤਾਂ ਦਾ ਕਾਰਨ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਤੇ ਨੈਸ਼ਨਲ ਕੈਂਸਰ ਰਜਿਸਟਰੀ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਨਵੀਂ ਦਿੱਲੀ : ਕੈਂਸਰ ਹੁਣ ਭਾਰਤ ਵਿੱਚ ਸਭ ਤੋਂ ਵੱਡੀਆਂ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਹੈ। 2022 ’ਚ ਦੇਸ਼ ਭਰ ਵਿੱਚ ਅੰਦਾਜ਼ਨ 14.6 ਲੱਖ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਇਨ੍ਹਾਂ ’ਚੋਂ ਲਗਭਗ 8.10 ਲੱਖ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਨਵੀਂ ਦਿੱਲੀ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਇੱਕ ਸਾਂਝੇ ਅਧਿਐਨ ਵਿੱਚ ਸਾਹਮਣੇ ਆਈ ਹੈ।
ਇਸ ਅਧਿਅਨ ਅਨੁਸਾਰ ਭਾਰਤ ’ਚ ਕੈਂਸਰ ਦੀ ਸੂਬਾ ਵਾਈਜ਼ ਤਸਵੀਰ ਕਾਫ਼ੀ ਅਲੱਗ ਹੈ। ਇਕ ਪਾਸੇ ਉੱਤਰ-ਪੂਰਬੀ ਰਾਜਾਂ ਵਿੱਚ ਸਭ ਤੋਂ ਵੱਧ ਕੈਂਸਰ ਦੇ ਮਾਮਲੇ ਪਾਏ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਦੱਖਣੀ ਭਾਰਤ ’ਚ ਵੀ ਹਰ ਸਾਲ ਕੈਂਸਰ ਦੇ ਮਾਮਲੇ ਵਧ ਰਹੇ ਹਨ। ਉੱਤਰੀ ਭਾਰਤ ਵਿੱਚ ਕੈਂਸਰ ਦਾ ਪਤਾ ਦੇਰ ਨਾਲ ਲੱਗ ਰਿਹਾ ਹੈ, ਜਿਸ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਮੌਤ ਦਾ ਖ਼ਤਰਾ ਵੀ ਦੂਜੇ ਰਾਜਾਂ ਨਾਲੋਂ ਕਈ ਗੁਣਾ ਜ਼ਿਆਦਾ ਪਾਇਆ ਗਿਆ।
ਇਹ ਅਧਿਐਨ ਦਰਸਾਉਂਦਾ ਹੈ ਕਿ ਦੇਸ਼ ਵਿੱਚ ਕੈਂਸਰ ਦੇ ਮਾਮਲੇ ਅਤੇ ਮੌਤਾਂ ਲਗਾਤਾਰ ਵਧ ਰਹੀਆਂ ਹਨ। ਇਹ ਨਾ ਸਿਰਫ਼ ਰਾਸ਼ਟਰੀ ਪੱਧਰ ’ਤੇ ਸਗੋਂ ਰਾਜਾਂ ਵਿਚਕਾਰ ਵੀ ਕੈਂਸਰ ਦੇ ਬੋਝ ਵਿੱਚ ਵੱਡੀ ਅਸਮਾਨਤਾ ਹੈ। ਅਧਿਐਨ ਅਨੁਸਾਰ ਅੰਦਾਜ਼ਾ ਹੈ ਕਿ ਸਾਲ 2030 ਤੱਕ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਧ ਕੇ 15.7 ਲੱਖ ਤੱਕ ਪਹੁੰਚ ਸਕਦੀ ਹੈ।