ਮਲੇਸ਼ੀਆ ਵਿਚ 15 ਸ਼ੱਕੀਆਂ ਸਮੇਤ ਸਿੱਖ ਔਰਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆ ਵਿਚ ਸਥਾਨਕ ਰਾਜਸੀ ਪਾਰਟੀਆਂ ਦੇ ਆਗੂਆਂ 'ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ 16 ਸ਼ੱਕੀ ਅਤਿਵਾਦੀਆਂ ਵਿਚ ਭਾਰਤੀ ਸਿੱਖ ਔਰਤ ਵੀ ਸ਼ਾਮਲ ਹੈ।

Indian sikh woman among 16 terror suspects Arrested by Malaysian Police

ਕੁਲਾਲਾਲਾਮਪੁਰ : ਮਲੇਸ਼ੀਆ ਵਿਚ ਸਥਾਨਕ ਰਾਜਸੀ ਪਾਰਟੀਆਂ ਦੇ ਆਗੂਆਂ 'ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ 16 ਸ਼ੱਕੀ ਅਤਿਵਾਦੀਆਂ ਵਿਚ ਭਾਰਤੀ ਸਿੱਖ ਔਰਤ ਵੀ ਸ਼ਾਮਲ ਹੈ। ਸਰਕਾਰੀ ਖ਼ਬਰ ਏਜੰਸੀ 'ਬਰਨਾਮਾ' ਦੀ ਰੀਪੋਰਟ ਮੁਤਾਬਕ 10 ਅਗੱਸਤ ਤੋਂ 25 ਸਤੰਬਰ ਵਿਚਾਲੇ ਕੁਆਲਾਲਾਮਪੁਰ, ਸਬਾਹ, ਪਹਾਂਗ, ਜੌਹਰ, ਪੇਨਾਂਗ ਅਤੇ ਸੈਲੌਂਗੋਰ ਸ਼ਹਿਰਾਂ ਵਿਚ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿਚ ਇਨ੍ਹਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਕੁੱਝ ਇਸਲਾਮਿਕ ਸਟੇਟ ਨਾਲ ਸਬੰਧਤ ਹਨ।  

ਰੀਪੋਰਟ ਮੁਤਾਬਕ 16 ਸ਼ੱਕੀਆਂ ਵਿਚ 12 ਇੰਡੋਨੇਸ਼ੀਆਈ, ਤਿੰਨ ਮਲੇਸ਼ੀਆਈ ਅਤੇ ਇਕ ਭਾਰਤੀ ਨਾਗਰਿਕ ਸ਼ਾਮਲ ਹੈ। ਮਲੇਸ਼ੀਆ ਪੁਲਿਸ ਦੀ ਅਤਿਵਾਦੀ ਵਿਰੋਧੀ ਇਕਾਈ ਦੇ ਸਹਾਇਕ ਨਿਰਦੇਸ਼ਕ ਅਯੂਬ ਖ਼ਾਨ ਦੇ ਹਵਾਲੇ ਨਾਲ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਗ੍ਰਿਫ਼ਤਾਰ 38 ਸਾਲਾ ਭਾਰਤੀ ਔਰਤ ਸਫ਼ਾਈ ਮੁਲਾਜ਼ਮ ਹੈ ਅਤੇ ਵੱਖਵਾਦੀ ਸਿੱਖਜ਼ ਫ਼ਾਰ ਜਸਟਿਸ ਨਾਮੀ ਜਥੇਬੰਦੀ ਦੀ ਮੈਂਬਰ ਹੈ।

ਭਾਰਤ ਨੇ ਜੁਲਾਈ ਵਿਚ ਦੇਸ਼ ਵਿਰੋਧੀ ਗਤੀਵਿਧੀਆਂ ਲਈ ਖ਼ਾਲਿਸਤਾਨ ਪੱਖੀ ਇਸ ਜਥੇਬੰਦੀ 'ਤੇ ਰੋਕ ਲਾ ਦਿਤੀ ਸੀ। ਅਮਰੀਕਾ ਦੀ ਸਿੱਖ਼ਜ ਫ਼ਾਰ ਜਸਟਿਸ ਅਪਣੇ ਵੱਖਵਾਦੀ ਏਜੰਡੇ ਤਹਿਤ ਸਿੱਖ ਰਾਏਸ਼ੁਮਾਰੀ 2020 ਕਰਵਾ ਰਹੀ ਹੈ ਜਿਸ ਦਾ ਮੰਤਵ ਖ਼ਾਲਿਸਤਾਨ ਦੀ ਸਥਾਪਨਾ ਹੈ।