ਇਜ਼ਰਾਈਲ ’ਚ ਮੋਸਾਦ ਹੈੱਡਕੁਆਰਟਰ ਨੇੜੇ ਟਰੱਕ ਨੇ 35 ਲੋਕਾਂ ਨੂੰ ਦਰੜਿਆ, ਛੇ ਦੀ ਹਾਲਤ ਗੰਭੀਰ
ਹਮਲਾਵਰ ਇਜ਼ਰਾਈਲ ਦਾ ਅਰਬ ਨਾਗਰਿਕ ਸੀ
ਦੀਰ ਅਲ ਬਲਾਹ (ਗਾਜ਼ਾ ਪੱਟੀ) : ਇਜ਼ਰਾਈਲ ਦੇ ਤੇਲ ਅਵੀਵ ਸ਼ਹਿਰ ਨੇੜੇ ਇਕ ਟਰੱਕ ਨੇ ਬੱਸ ਅੱਡੇ ’ਚ ਟੱਕਰ ਮਾਰ ਦਿਤੀ ਜਿਸ ਕਾਰਨ 35 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ। ਮੌਕੇ ’ਤੇ ਪਹੁੰਚੇ ਲੋਕਾਂ ਨੇ ਸੱਭ ਤੋਂ ਪਹਿਲਾਂ ਇਹ ਜਾਣਕਾਰੀ ਦਿਤੀ। ਇਜ਼ਰਾਈਲੀ ਪੁਲਿਸ ਨੇ ਇਸ ਨੂੰ ਹਮਲਾ ਦਸਿਆ ਅਤੇ ਕਿਹਾ ਕਿ ਹਮਲਾਵਰ ਇਜ਼ਰਾਈਲ ਦਾ ਅਰਬ ਨਾਗਰਿਕ ਸੀ। ਇਹ ਟੱਕਰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਨੇੜੇ ਹੋਈ।
ਤੇਲ ਅਵੀਵ ਦੇ ਉੱਤਰ-ਪੂਰਬ ’ਚ ਸਥਿਤ ਰਮਤ ਹਸ਼ਾਰੋਨ ਸ਼ਹਿਰ ’ਚ ਜਦੋਂ ਇਜ਼ਰਾਈਲੀ ਇਕ ਹਫਤੇ ਦੀ ਛੁੱਟੀ ਤੋਂ ਬਾਅਦ ਕੰਮ ’ਤੇ ਪਰਤ ਰਹੇ ਸਨ ਤਾਂ ਇਕ ਸਟਾਪ ’ਤੇ ਟਰੱਕ ਇਕ ਬੱਸ ਅੱਡੇ ’ਤੇ ਇਕ ਬੱਸ ਨਾਲ ਟਕਰਾ ਗਿਆ, ਜਿਸ ਕਾਰਨ ਕੁੱਝ ਲੋਕ ਗੱਡੀਆਂ ਦੇ ਹੇਠਾਂ ਫਸ ਗਏ।
ਮੋਸਾਦ ਦੇ ਹੈੱਡਕੁਆਰਟਰ ਅਤੇ ਫੌਜੀ ਅੱਡੇ ਦੇ ਨੇੜੇ ਹੋਣ ਤੋਂ ਇਲਾਵਾ, ਬੱਸ ਅੱਡਾ ਇਕ ਕੇਂਦਰੀ ਰਾਜਮਾਰਗ ਜੰਕਸ਼ਨ ਦੇ ਨੇੜੇ ਵੀ ਹੈ। ਇਜ਼ਰਾਈਲ ਦੀ ਮੈਗੇਨ ਡੇਵਿਡ ਅਡੋਮ ਬਚਾਅ ਸੇਵਾ ਨੇ ਦਸਿਆ ਕਿ ਜ਼ਖਮੀਆਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ।
ਇਜ਼ਰਾਈਲੀ ਪੁਲਿਸ ਦੇ ਬੁਲਾਰੇ ਏ.ਐਸ.ਆਈ. ਅਹਰੋਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲਾਵਰ ਨੂੰ ‘ਬੇਅਸਰ’ ਕਰ ਦਿਤਾ ਦਿਤਾ ਗਿਆ ਹੈ ਪਰ ਅਜੇ ਇਹ ਨਹੀਂ ਦਸਿਆ ਕਿ ਉਸ ਨੂੰ ਮਾਰ ਦਿਤਾ ਗਿਆ ਹੈ ਜਾਂ ਨਹੀਂ। ਹਮਾਸ ਅਤੇ ਇਸਲਾਮਿਕ ਜਿਹਾਦ ਨਾਲ ਜੁੜੇ ਇਕ ਛੋਟੇ ਜਿਹੇ ਅਤਿਵਾਦੀ ਸਮੂਹ ਨੇ ਸ਼ੱਕੀ ਹਮਲੇ ਦੀ ਸ਼ਲਾਘਾ ਕੀਤੀ ਪਰ ਇਸ ਦੀ ਜ਼ਿੰਮੇਵਾਰੀ ਨਹੀਂ ਲਈ।