ਕੋਰੋਨਾ ਤੋਂ ਬਾਅਦ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, ਨਵੇਂ ਕੇਸਾਂ ਵਿਚ 200% ਦਾ ਵਾਧਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਤੇ ਬਾਇਓਐਨਟੈਕ ਨੇ ਕਿਹਾ ਉਹ 100 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਖ਼ਿਲਾਫ਼ ਨਵਾਂ ਟੀਕਾ ਵਿਕਸਿਤ ਕਰ ਲੈਣਗੇ।

New variant Omicron

 

ਵਾਸ਼ਿੰਗਟਨ  : ਦੱਖਣੀ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮੀਕਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਨਵੇਂ ਰੂਪ ਦੇ ਕਾਰਨ, ਦੱਖਣੀ ਅਫਰੀਕਾ ਵਿਚ ਪਿਛਲੇ ਇੱਕ ਹਫ਼ਤੇ ਵਿਚ ਨਵੇਂ ਕੇਸਾਂ ਵਿਚ 200% ਦਾ ਵਾਧਾ ਹੋਇਆ ਹੈ। ਦੱਖਣੀ ਅਫ਼ਰੀਕਾ ਤੋਂ ਸ਼ੁਰੂ ਹੋ ਕੇ ਇਹ ਰੂਪ ਹਾਂਗਕਾਂਗ, ਇਜ਼ਰਾਈਲ ਅਤੇ ਬੋਤਸਵਾਨਾ ਤੱਕ ਪਹੁੰਚਿਆ ਹੈ। ਵਿਗਿਆਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਵਾਇਰਸ ਦੱਸ ਰਹੇ ਹਨ। 

ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਅਤੇ ਬਾਇਓਐਨਟੈਕ ਨੇ ਕਿਹਾ ਕਿ ਉਹ 100 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਖ਼ਿਲਾਫ਼ ਨਵਾਂ ਟੀਕਾ ਵਿਕਸਿਤ ਕਰ ਲੈਣਗੇ। ਦੋਵਾਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਗੱਲ ’ਤੇ ਭਰੋਸਾ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਵੇਰੀਐਂਟ ਓਮੀਕਰੋਨ ਤੋਂ ਬਚਾਉਣ ਵਿਚ ਉਹਨਾਂ ਦਾ ਟੀਕਾ ਸਮਰੱਥ ਹੈ ਜਾਂ ਨਹੀਂ ਪਰ ਉਹ ਕਰੀਬ 100 ਦਿਨਾਂ ਵਿਚ ਵੇਰੀਐਂਟ ਖ਼ਿਲਾਫ਼ ਇਕ ਨਵਾਂ ਟੀਕਾ ਵਿਕਸਿਤ ਕਰ ਲੈਣਗੀਆਂ।

ਇਸ ਤੋਂ ਪਹਿਲੇ ਦਿਨ ਵਿਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਕੋਰੋਨਾ ਵਾਇਰਸ ਬੀ.1.1.529 ਦਾ ਨਵਾਂ ਵੇਰੀਐਂਟ ਚਿੰਤਾਜਨਕ ਹੈ ਅਤੇ ਇਸ ਦਾ ਨਾਮ ਓਮੀਕਰੋਨ ਗ੍ਰੀਕ ਵਰਣਮਾਲਾ ਤੋਂ ਰੱਖਿਆ ਗਿਆ ਹੈ। ਬਿਆਨ ਮੁਤਾਬਕ ਫਾਈਜ਼ਰ ਅਤੇ ਬਾਇਓਐਨਟੈਕ ਨੇ ਕਿਹਾ ਕਿ ਉਹ ਆਗਾਮੀ ਦੋ ਹਫ਼ਤਿਆਂ ਵਿਚ ਓਮੀਕਰੋਮ ਬਾਰੇ ਹੋਰ ਡਾਟਾ ਦੀ ਉਮੀਦ ਕਰਦੇ ਹਨ ਅਤੇ ਅਜਿਹਾ ਦੇਖਿਆ ਗਿਆ ਹੈ ਕਿ ਇਹ ਪਹਿਲਾਂ ਪਾਏ ਗਏ ਵੇਰੀਐਂਟ ਤੋਂ ਕਾਫ਼ੀ ਵੱਖ ਹੈ।

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦਵਾਈ ਕੰਪਨੀਆਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਉਨ੍ਹਾਂ ਨੇ ਨਵੇਂ ਟੀਕੇ ਨੂੰ ਵਿਕਸਿਤ ਕਰਨ ਲਈ ਕਈ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਉਨ੍ਹਾਂ ਦਾ ਟੀਕਾ ਮੌਜੂਦਾ ਸਮੇਂ ਵਿਚ 6 ਹਫ਼ਤਿਆਂ ਦੇ ਅੰਦਰ ਖ਼ੁਦ ਨੂੰ ਅਨੁਕੂਲ ਕਰਨ ਅਤੇ ਉਹ 100 ਦਿਨਾਂ ਦੇ ਅੰਦਰ ਸ਼ੁਰੂਆਤੀ ਬੈਚ ਤਿਆਰ ਕਰਨ ਵਿਚ ਸਮਰੱਥ ਹਨ।