ਚੀਨ 'ਚ ਵਧਿਆ ਕੋਰੋਨਾ ਦਾ ਪ੍ਰਕੋਪ, ਸ਼ਿਨਜਿਆਂਗ-ਬੀਜਿੰਗ ਤੋਂ ਹੁੰਦੇ ਹੋਏ ਸ਼ੰਘਾਈ ਪਹੁੰਚਿਆ ਸਰਕਾਰ ਵਿਰੋਧੀ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਭਰ 'ਚ ਕੋਰੋਨਾ ਲੌਕਡਾਊਨ ਨੇ ਕੀਤਾ ਜਨਤਾ ਨੂੰ ਪ੍ਰੇਸ਼ਾਨ 

China protest (representative )

ਬੀਜਿੰਗ : ਚੀਨ 'ਚ ਕੋਰੋਨਾ ਖਤਰਨਾਕ ਹੁੰਦਾ ਜਾ ਰਿਹਾ ਹੈ। ਨਵੇਂ ਇਨਫੈਕਸ਼ਨ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਇੱਕ ਵਾਰ ਫਿਰ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੈ ਅਤੇ ਕਈ ਸ਼ਹਿਰਾਂ ਵਿੱਚ ਲੱਖਾਂ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਇਸ ਦੌਰਾਨ ਸਰਕਾਰ ਦੀ ਸਖ਼ਤ ਨੀਤੀ ਤੋਂ ਪ੍ਰੇਸ਼ਾਨ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। 

ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਚੀਨ ਦੇ ਸ਼ੰਘਾਈ 'ਚ ਕਈ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਅਤੇ ਜ਼ੀਰੋ ਕੋਵਿਡ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਦਰਅਸਲ, ਇਹ ਪ੍ਰਦਰਸ਼ਨ ਚੀਨ ਦੇ ਉਰੂਮਕੀ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ 10 ਲੋਕ ਝੁਲਸ ਗਏ ਸਨ ਅਤੇ 9 ਲੋਕ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇੱਥੇ ਜ਼ੀਰੋ ਕੋਵਿਡ ਨੀਤੀ ਲਾਗੂ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਦੇਰੀ ਹੋਈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਹੋਇਆ। 

ਚੀਨ 'ਚ ਸਰਕਾਰ ਦੀ ਸਖਤ ਨੀਤੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ। ਇਕ ਵੀਡੀਓ ਮੁਤਾਬਕ ਉਰੂਮਕੀ ਸ਼ਹਿਰ ਦੀਆਂ ਸੜਕਾਂ 'ਤੇ ਕਈ ਲੋਕ ਦਿਖਾਈ ਦੇ ਰਹੇ ਹਨ ਅਤੇ ਇਹ ਲੋਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕ ਕਹਿ ਰਹੇ ਹਨ ਕਿ ਉਹ ਪੀਸੀਆਰ ਟੈਸਟ ਨਹੀਂ ਚਾਹੁੰਦੇ, ਆਜ਼ਾਦੀ ਚਾਹੁੰਦੇ ਹਨ। ਉਹ ਸ਼ਿਨਜਿਆਂਗ ਸ਼ਹਿਰ ਵਿੱਚ ਲੌਕਡਾਊਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। 

ਚੀਨ ਵਿੱਚ 24 ਨਵੰਬਰ ਨੂੰ 31,444 ਨਵੇਂ ਮਾਮਲੇ ਦਰਜ ਕੀਤੇ ਗਏ। ਦੂਜੇ ਪਾਸੇ ਦੂਜੇ ਦਿਨ 32,943 ਅਤੇ ਤੀਜੇ ਦਿਨ ਯਾਨੀ ਸ਼ੁੱਕਰਵਾਰ ਨੂੰ 35,909 ਮਾਮਲੇ ਸਾਹਮਣੇ ਆਏ। ਇਹ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਸੰਕਰਮਣ ਦੇ ਪਹਿਲੇ ਕੇਸ ਤੋਂ ਬਾਅਦ ਦੇਸ਼ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਜਾਣ ਵਾਲੇ ਸਭ ਤੋਂ ਵੱਧ ਕੇਸ ਹਨ। ਦੇਸ਼ ਵਿੱਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਅਮਰੀਕਾ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਚੀਨ 'ਚ ਇਨਫੈਕਸ਼ਨ ਕਾਰਨ ਮੌਤਾਂ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਦੇਸ਼ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਵਾਇਰਸ ਨੂੰ ਲੈ ਕੇ ਕੋਈ ਢਿੱਲ ਨਾ ਵਰਤਣ ਦੀ ਨੀਤੀ ਅਪਣਾਈ ਹੈ, ਜਿਸ ਦੇ ਮੱਦੇਨਜ਼ਰ ਮਾਮਲਿਆਂ ਦੀ ਗਿਣਤੀ, ਖੇਤਰਾਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।