Britain ’ਚ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ
ਐਡਿਨਬਰਾ ਯੂਨੀਵਰਸਿਟੀ ’ਚ ਪਿਆ ਸੀ ਇਹ ਪਾਵਨ ਸਰੂਪ
ਬ੍ਰਿਟੇਨ/ਸ਼ਾਹ : ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਐਡਿਨਬਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਹੱਥ ਲਿਖਤ ਪੁਰਾਤਨ ਸਰੂਪ ਮਿਲਿਆ, ਜੋ 18ਵੀਂ ਸਦੀ ਨਾਲ ਸਬੰਧਤ ਐ। ਜਿਵੇਂ ਹੀ ਇਸ ਬਾਰੇ ਸਥਾਨਕ ਸਿੱਖ ਭਾਈਚਾਰੇ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਇਸ ਪਾਵਨ ਸਰੂਪ ਦੇ ਦਰਸ਼ਨ ਕਰਨ ਲਈ ਯੂਨੀਵਰਸਿਟੀ ਪਹੁੰਚ ਗਈਆਂ। 175 ਸਾਲਾਂ ਵਿਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਐ, ਜਿਸ ਤੋਂ ਬਾਅਦ ਇਸ ਪੁਰਾਤਨ ਸਰੂਪ ਨੂੰ ਲੀਥ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ।
ਇੰਗਲੈਂਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਸਰੂਪ ਐ। ਇਹ ਇੰਨਾ ਨਾਜ਼ੁਕ ਐ ਕਿ ਇਸ ਨੂੰ ਕਿਊਰੇਟਰਾਂ ਵੱਲੋਂ ਇਕ ਵਿਸ਼ੇਸ਼ ਕਾਫ਼ਲੇ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ, ਜਿਸ ਦੌਰਾਨ ਫੋਟੋਗ੍ਰਾਫ਼ੀ ਦੀ ਮਨਾਈ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਇਹ ਪਾਵਨ ਸਰੂਪ ਪਹਿਲਾਂ ਪੰਜਾਬ ਦੇ ਸ਼ਾਸਕ ਮਹਾਰਾਜਾ ਖੜਕ ਸਿੰਘ ਕੋਲ ਸੀ ਅਤੇ ਸੰਨ 1848 ਵਿਚ ਸਰ ਜੌਨ ਸਪੈਂਸਰ ਲੌਗਿਨ ਨੇ ਭਾਰਤ ਸਥਿਤ ਦੁੱਲੇਵਾਲਾ ਦੇ ਕਿਲ੍ਹੇ ਤੋਂ ਇਸ ਪਾਵਨ ਸਰੂਪ ਨੂੰ ਲੈ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਸੀ। ਸਰ ਜੌਨ ਸਪੈਂਸਰ ਉਹੀ ਸ਼ਖਸ ਨੇ ਜੋ ਮਹਾਰਾਣੀ ਵਿਕਟੋਰੀਆ ਲਈ ਕੋਹਿਨੂਰ ਲੈ ਕੇ ਆਏ ਸੀ। ਇਸ ਪੁਰਾਤਨ ਸਰੂਪ ਦੇ ਨਾਲ ਰਾਇਲ ਏਸ਼ੀਆਟਿਕ ਸੁਸਾਇਟੀ ਦੇ 1851 ਪੱਤਰ ਵੀ ਮਿਲੇ ਨੇ, ਜਿਨ੍ਹਾਂ ਵਿਚ ਇਸ ਸਬੰਧੀ ਕੁੱਝ ਜਾਣਕਾਰੀ ਪ੍ਰਦਾਨ ਕੀਤੀ ਗਈ ਐ।
18ਵੀਂ ਸਦੀ ਦੇ ਇਸ ਪੁਰਾਤਨ ਸਰੂਪ ਨੂੰ ਸੋਨੇ ਦੀ ਸਿਆਸੀ ਦੇ ਨਾਲ ਲਿਖਿਆ ਗਿਆ ਹੈ, ਜਿਸ ਸਬੰਧੀ ਜਾਣਕਾਰੀ ਇਸ ਸਰੂਪ ਦੇ ਪਿਛਲੇ ਪਾਸੇ ਅੰਕਿਤ ਕੀਤੀ ਗਈ ਐ। ਯੂਨੀਵਰਸਿਟੀ ਦੇ ਪੁਰਾਲੇਖ ਵਿਚੋਂ ਲੱਭੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤਿੰਨ ਭਾਗਾਂ ਵਿਚੋਂ ਸਭ ਤੋਂ ਵੱਡਾ ਅਤੇ ਸੰਭਵ ਤੌਰ ’ਤੇ ਸਭ ਤੋਂ ਪੁਰਾਤਨ ਮੰਨਿਆ ਜਾ ਰਿਹਾ ਏ। ਇਸ ਪਵਿੱਤਰ ਬੀੜ ਨੂੰ ਗੁਲਾਬ ਦੀਆਂ ਪੱਤੀਆ ਨਾਲ ਸਜੇ ਹੋਏ ਰੁਮਾਲਾ ਸਾਹਿਬ ਵਿਚ ਪੂਰੇ ਸਤਿਕਾਰ ਨਾਲ ਸ਼ੈਰਿਫ ਬ੍ਰੇ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ, ਜਿਸ ਨੇ ਇਕ ਨਗਰ ਕੀਰਤਨ ਦਾ ਰੂਪ ਲੈ ਲਿਆ। ਇਸ ਦੌਰਾਨ ਜਿੱਥੇ ਸਵਾਗਤ ਵਿਚ ਬੈਂਡ ਅਤੇ ਨਗਾਰੇ ਵਜਾਏ ਜਾ ਰਹੇ ਸੀ, ਉਥੇ ਹੀ ਬਹੁਤ ਸਾਰੇ ਸਿੱਖ ਸ਼ਰਧਾਲੂ ਕੇਸਰੀ ਨਿਸ਼ਾਨ ਅਤੇ ਸਕਾਟਿਸ਼ ਝੰਡੇ ਲਹਿਰੇ ਰਹੇ ਸੀ, ਜਦਕਿ ਇਕ ਸ਼ਰਧਾਲੂ ਵੱਲੋਂ ਸ਼ਰਧਾ ਅਤੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਲਗਾਤਾਰ ਚੌਰ ਸਾਹਿਬ ਕੀਤਾ ਜਾ ਰਿਹਾ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਹਿੰਮਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਸੰਗਤ ਨੂੰ ਸੁਣਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਪ੍ਰਬੰਧਕਾਂ ਨੇ ਆਖਿਆ ਕਿ ਉਨ੍ਹਾਂ ਦੇ ਲਈ ਇਹ ਪਲ਼ ਕਾਫ਼ੀ ਅਹਿਮ ਐ ਕਿਉਂਕਿ ਉਨ੍ਹਾਂ ਨੂੰ ਇਕ ਬੇਹੱਦ ਪੁਰਾਤਨ ਸਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਏ। ਉਨ੍ਹਾਂ ਆਖਿਆ ਕਿ ਸਭ ਤੋਂ ਅਹਿਮ ਅਤੇ ਖ਼ਾਸ ਗੱਲ ਇਹ ਐ ਕਿ ਇਹ ਸਰੂਪ ਹੱਥ ਲਿਖਤ ਐ। ਇਸੇ ਤਰ੍ਹਾਂ ਕੁੱਝ ਹੋਰ ਸਿੱਖਾਂ ਨੇ ਆਖਿਆ ਕਿ ਉਹ ਚਾਹੁੰਦੇ ਨੇ ਕਿ ਇਹ ਪਾਵਨ ਸਰੂਪ ਸਕਾਟਲੈਂਡ ਵਿਚ ਹੀ ਰਹੇ। ਉਨ੍ਹਾਂ ਆਖਿਆ ਕਿ ਇਹ ਸਟਾਕਿਸ਼ ਸਿੱਖ ਭਾਈਚਾਰੇ ਦੇ ਲਈ ਵੱਡੀ ਖੋਜ ਐ। ਕਈ ਸਿੱਖਾਂ ਨੇ ਆਖਿਆ ਕਿ ਉਹ ਭਾਗਾਂ ਵਾਲੇ ਨੇ ਜੋ ਉਨ੍ਹਾਂ ਨੂੰ ਇਸ ਪੁਰਾਤਨ ਸਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿਉਂਕਿ ਸਿੱਖਾਂ ਵਿਚ ਉਨ੍ਹਾਂ ਦੇ ਪੁਰਾਤਨ ਗ੍ਰੰਥਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਐ।
ਉਧਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਯੂਨੀਵਰਸਿਟੀ ਦੇ ਪੁਰਾਲੇਖਾਂ ਵਿਚੋਂ ਇਹ ਪਵਿੱਤਰ ਗ੍ਰੰਥ ਮਿਲਿਆ ਤਾਂ ਤੁਰੰਤ ਯੂਨੀਵਰਸਿਟੀ ਦੇ ਸਿੱਖ ਚੈਪਲਨ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਸਾਨੂੰ ਇਸ ਸਿੱਖ ਗ੍ਰੰਥ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਹੋਰ ਪੜਚੋਲ ਕਰਨ ਦੀ ਲੋੜ ਐ, ਜਿਸ ਦੇ ਲਈ ਸਾਡੇ ਵੱਲੋਂ ਸਿੱਖ ਭਾਈਚਾਰੇ ਦੀ ਮਦਦ ਲਈ ਜਾਵੇਗੀ।