ਹਮਲਾਵਰ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : Donald Trump
ਵ੍ਹਾਈਟ ਹਾਊਸ ਨੇੜੇ ਗੋਲੀਬਾਰੀ ਦਾ ਮਾਮਲਾ, ਦੋ ਨੈਸ਼ਨਲ ਗਾਰਡ ਹੋਏ ਸੀ ਜ਼ਖ਼ਮੀ
The Attacker Will Have to Pay a Big Price: Donald Trump ਵਾਸ਼ਿੰਗਟਨ ਡੀ.ਸੀ. : ਬੀਤੀ ਰਾਤ ਵ੍ਹਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਵਿਚ ਦੋ ਨੈਸ਼ਨਲ ਗਾਰਡ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲਾਵਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹਮਲਾਵਰ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।
ਵ੍ਹਾਈਟ ਹਾਊਸ ਨੇੜੇ ਗੋਲੀਬਾਰੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਕਿ ਜਿਸ ਵਿਅਕਤੀ ਨੇ ਦੋ ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰੀ, ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ, ਉਹ ਹਮਲਾਵਰ ਵੀ ਗੰਭੀਰ ਜ਼ਖ਼ਮੀ ਹੈ। ਟਰੰਪ ਨੇ ਕਿਹਾ ਕਿ ਕੁੱਝ ਵੀ ਹੋਵੇ, ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਦੱਸ ਦਈਏ ਕਿ ਇਸ ਹਮਲੇ ਪਿੱਛੇ ਫਿਲਹਾਲ ਇਕ ਹਮਲਾਵਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਰੱਬ ਸਾਡੇ ਮਹਾਨ ਨੈਸ਼ਨਲ ਗਾਰਡ, ਪੂਰੀ ਫ਼ੌਜ ਅਤੇ ਕਾਨੂੰਨ ਵਿਵਸਥਾ ਨਾਲ ਜੁੜੇ ਸਾਰੇ ਲੋਕਾਂ ਦਾ ਭਲਾ ਕਰੇ। ਇਹ ਸੱਚਮੁੱਚ ਮਹਾਨ ਲੋਕ ਹਨ। ਮੈਂ, ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਅਤੇ ਰਾਸ਼ਟਰਪਤੀ ਅਹੁਦੇ ਨਾਲ ਜੁੜੇ ਸਾਰੇ ਵਿਅਕਤੀ ਤੁਹਾਡੇ ਨਾਲ ਖੜ੍ਹੇ ਹਨ।
ਦੱਸ ਦੇਈਏ ਕਿ ਵਾਸ਼ਿੰਗਟਨ ਡੀ.ਸੀ. ਵਿਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜਧਾਨੀ ਵਿਚ 500 ਵਾਧੂ ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਦਿੱਤੀ। ਹੇਗਸੇਥ ਨੇ ਕਿਹਾ ਕਿ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਦੋ ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰੀ ਗਈ ਹੈ ਅਤੇ ਉਹ ਗੰਭੀਰ ਹਾਲਤ ਵਿਚ ਹਨ। ਉਨ੍ਹਾਂ ਨੇ ਇਸ ਹਮਲੇ ਨੂੰ ਜਾਣਬੁੱਝ ਕੇ ਕੀਤਾ ਗਿਆ ਅਤੇ ਕਾਇਰਤਾਪੂਰਨ ਕਾਰਵਾਈ ਦੱਸਿਆ।
ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੈਸਟ ਪਾਮ ਬੀਚ ਵਿਖੇ ਆਪਣੇ ਗੋਲਫ ਕੋਰਸ 'ਤੇ ਸਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਵ੍ਹਾਈਟ ਹਾਊਸ ਇਸ ਦੁਖਦਾਈ ਘਟਨਾ ਦੀ ਨਿਗਰਾਨੀ ਕਰ ਰਿਹਾ ਹੈ। ਰਾਸ਼ਟਰਪਤੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।