ਦੋ ਰੂਸੀ ਨਾਗਰਿਕਾਂ ਦੀ 'ਗ਼ੈਰ-ਕੁਦਰਤੀ' ਮੌਤ ਦੀ ਜਾਂਚ ਸੀ.ਆਈ.ਡੀ. ਹਵਾਲੇ
ਓਡੀਸ਼ਾ ਪੁਲਿਸ ਨੇ ਅਧਿਕਾਰਤ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਜਾਣਕਾਰੀ
ਭੁਵਨੇਸ਼ਵਰ - ਓਡੀਸ਼ਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਸੁਨੀਲ ਕੁਮਾਰ ਬਾਂਸਲ ਨੇ ਮੰਗਲਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਇੱਕੋ ਹੋਟਲ ਵਿੱਚ ਦੋ ਰੂਸੀ ਨਾਗਰਿਕਾਂ ਦੀ ਮੌਤ ਦੀ ਸੀ.ਆਈ.ਡੀ. ਜਾਂਚ ਦੇ ਹੁਕਮ ਦਿੱਤੇ ਹਨ। ਮਰਨ ਵਾਲਿਆਂ ਵਿੱਚ ਇੱਕ ਰੂਸੀ ਸੰਸਦ ਮੈਂਬਰ ਵੀ ਸ਼ਾਮਲ ਹੈ।
ਰੂਸੀ ਸੰਸਦ ਮੈਂਬਰ ਅਤੇ ਕਾਰੋਬਾਰੀ ਪਵੇਲ ਐਂਟੋਵ ਦੀ 24 ਦਸੰਬਰ ਨੂੰ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ, ਜਦੋਂ ਕਿ ਵਲਾਦੀਮੀਰ ਬਿਦੇਨੋਵ, ਜੋ ਉਨ੍ਹਾਂ ਦੇ ਨਾਲ ਭਾਰਤ ਦੌਰੇ 'ਤੇ ਆਏ ਸਨ, ਉਹ ਵੀ 22 ਦਸੰਬਰ ਨੂੰ ਆਪਣੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ।
ਓਡੀਸ਼ਾ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, "ਓਡੀਸ਼ਾ ਦੇ ਡੀ.ਜੀ.ਪੀ. ਨੇ ਕੇਸਾਂ ਦੀ ਜਾਂਚ ਰਾਏਗੜ੍ਹ ਪੁਲਿਸ ਸਟੇਸ਼ਨ ਤੋਂ ਲੈ ਕੇ ਸੀ.ਆਈ.ਡੀ. ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਇਹ ਮਾਮਲੇ ਰਾਏਗੜ੍ਹ ਜ਼ਿਲ੍ਹੇ ਵਿੱਚ ਦੋ ਰੂਸੀ ਨਾਗਰਿਕਾਂ ਦੀ ਗ਼ੈਰ-ਕੁਦਰਤੀ ਮੌਤ ਨਾਲ ਸੰਬੰਧਿਤ ਹਨ।"
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਂਟੋਵ ਆਪਣਾ 66ਵਾਂ ਜਨਮ ਦਿਨ ਮਨਾਉਣ ਲਈ ਬਿਦੇਨੋਵ ਅਤੇ ਦੋ ਹੋਰ ਦੋਸਤਾਂ ਨਾਲ ਟੂਰਿਸਟ ਵੀਜ਼ੇ 'ਤੇ ਰਾਏਗੜ੍ਹ ਆਇਆ ਸੀ।
ਬਿਦੇਨੋਵ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਇੱਕ ਕਮਰੇ 'ਚ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ, ਜਿਸ ਦੇ ਆਲੇ-ਦੁਆਲੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਹੋਰ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਦੇਨੋਵ ਦਾ ਅੰਤਿਮ ਸੰਸਕਾਰ ਰਾਏਗੜ੍ਹ ਵਿੱਚ ਕੀਤਾ ਗਿਆ ਹੈ ਅਤੇ ਐਂਟੋਵ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ।
ਹੋਟਲ ਦੇ ਮਾਲਕ ਕੌਸ਼ਿਕ ਠੱਕਰ ਨੇ ਕਿਹਾ ਕਿ ਬਿਦੇਨੋਵ ਦੀ ਮੌਤ ਤੋਂ ਬਾਅਦ ਐਂਟੋਵ ਪਰੇਸ਼ਾਨ ਅਤੇ ਨਿਰਾਸ਼ ਦਿਖਾਈ ਦੇ ਰਿਹਾ ਸੀ।