ਪਾਕਿਸਤਾਨ ਦੇ ਪੰਜ ਤਾਰਾ ਹੋਟਲ ਵਿਚ ਅਮਰੀਕੀਆਂ ਦੇ ਜਾਣ 'ਤੇ ਲਗਾਈ ਗਈ ਪਾਬੰਦੀ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਤਵਾਦੀ ਹਮਲੇ ਦਾ ਖ਼ਦਸ਼ਾ ਜਾਹਰ ਕਰਦੇ ਹੋਏ ਚੌਕਸ ਰਹਿਣ ਲਈ ਕਿਹਾ

Representational image

ਇਸਲਾਮਾਬਾਦ: ਪਾਕਿਸਤਾਨ ਸਥਿਤ ਅਮਰੀਕੀ ਦੂਤਾਵਾਸ ਨੇ ਇਸਲਾਮਾਬਾਦ ਦੇ ਮੈਰਿਏਟ ਹੋਟਲ ਵਿਚ ਅਮਰੀਕੀ ਨਾਗਰਿਕਾਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਜਾਹਰ ਕਰਦੇ ਹੋਏ ਚੌਕਸ ਰਹਿਣ ਲਈ ਕਿਹਾ ਹੈ। ਅਮਰੀਕਾ ਨੇ ਆਪਣੇ ਕਰਮਚਾਰੀਆਂ ਨੂੰ ਵੀ ਇਸ ਪੰਜ ਤਾਰਾ ਹੋਟਲ ਵਿਚ ਜਾਣ ਤੋਂ ਵਰਜਿਆ ਹੈ। 

ਦੱਸਣਯੋਗ ਹੈ ਕਿ ਇਸਲਾਮਾਬਾਦ ਵਿਚ ਹਾਲ ਹੀ 'ਚ ਇੱਕ ਅੱਤਵਾਦੀ ਹਮਲੇ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਦੇ ਦੋ ਦਿਨ ਬਾਅਦ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ। ਬਿਆਨ ਮੁਤਾਬਕ, ਅਮਰੀਕੀ ਸਰਕਾਰ ਇਸ ਸੂਚਨਾ ਤੋਂ ਜਾਣੂੰ ਹੈ ਕਿ ਅਣਪਛਾਤੇ ਲੋਕ ਛੁੱਟੀਆਂ ਵਿਚ ਇਸਲਾਮਾਬਾਦ ਸਥਿਤ ਮੈਰਿਏਟ ਹੋਟਲ 'ਚ ਅਮਰੀਕੀ ਨਾਗਰਿਕਾਂ 'ਤੇ ਹਮਲਾ ਕਰਨ ਦਾ ਮਨਸੂਬਾ ਬਣਾ ਰਹੇ ਹਨ। 

ਇਸ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਸਥਿਤ ਦੂਤਾਵਾਸ ਸਾਰੇ ਅਮਰੀਕੀ ਕਰਮਚਾਰੀਆਂ 'ਤੇ ਰਾਜਧਾਨੀ ਸਥਿਤ ਮੈਰਿਏਟ ਹੋਟਲ 'ਚ ਜਾਣ 'ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਆਇਦ ਕਰਦਾ ਹੈ। ਦੂਤਾਵਾਸ ਨੇ ਕਿਹਾ ਕਿ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਸਲਾਮਾਬਾਦ ਨੂੰ 'ਰੈਡ ਅਲਰਟ' ਵਿਚ ਰੱਖਿਆ ਗਿਆ ਹੈ। 

ਅਜਿਹੇ ਵਿਚ ਸਾਰੇ ਮਿਸ਼ਨ ਕਰਮਚਾਰੀਆਂ ਨੂੰ ਛੁੱਟੀਆਂ ਦੌਰਾਨ ਰਾਜਧਾਨੀ ਵਿਚ ਗੈਰ- ਜ਼ਰੂਰੀ ਅਤੇ ਅਣਅਧਿਕਾਰਤ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਐਡਵਾਇਜ਼ਰੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਇਸਲਾਮਾਬਾਦ ਵਿਚ ਹਾਲ ਹੀ ਵਿਚ ਹਮਲਾ ਹੋਇਆ ਹੈ।