‘ਪਾਪਾ, ਮੈਂ ਹੁਣ ਦਰਦ ਨਹੀਂ ਸਹਾਰ ਸਕਦਾ', ਕੈਨੇਡਾ ਦੇ ਹਸਪਤਾਲ 'ਚ 8 ਘੰਟੇ ਉਡੀਕ ਮਗਰੋਂ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਸ਼ਾਂਤ ਸ਼੍ਰੀਕੁਮਾਰ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ 'ਚ ਗੰਭੀਰ ਦਰਦ ਹੋਇਆ ਸੀ

Prashant Sreekumar canada News

ਟੋਰਾਂਟੋ : ਕੈਨੇਡਾ ਦੇ ਇਕ ਹਸਪਤਾਲ ਦੇ ਐਮਰਜੈਂਸੀ ਰੂਮ ਖੇਤਰ ’ਚ ਇਲਾਜ ਲਈ ਅੱਠ ਘੰਟੇ ਤੋਂ ਵੱਧ ਸਮੇਂ ਦੀ ਉਡੀਕ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਇਕ 44 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਗਲੋਬਲ ਨਿਊਜ਼ ਦੀ ਖਬਰ ਮੁਤਾਬਕ ਪ੍ਰਸ਼ਾਂਤ ਸ਼੍ਰੀਕੁਮਾਰ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ ’ਚ ਗੰਭੀਰ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਇਕ ਕਲਾਇੰਟ ਉਸ ਨੂੰ ਦੱਖਣ-ਪੂਰਬੀ ਐਡਮਿੰਟਨ ਦੇ ਗ੍ਰੇ ਨਨਜ਼ ਹਸਪਤਾਲ ਲੈ ਗਿਆ, ਜਿਥੇ ਪ੍ਰਸ਼ਾਂਤ ਉਡੀਕ ਕਮਰੇ ਵਿਚ ਬੈਠ ਗਿਆ।

ਉਸ ਦੇ ਪਿਤਾ ਕੁਮਾਰ ਸ਼੍ਰੀਕੁਮਾਰ ਛੇਤੀ ਹੀ ਪਹੁੰਚ ਗਏ। ਕੁਮਾਰ ਨੇ ਕਿਹਾ, ‘‘ਉਸ ਨੇ ਮੈਨੂੰ ਕਿਹਾ, ‘ਪਾਪਾ, ਮੈਂ ਦਰਦ ਬਰਦਾਸ਼ਤ ਨਹੀਂ ਕਰ ਸਕਦਾ।’’ ਕੁਮਾਰ ਨੇ ਕਿਹਾ ਕਿ ਉਸ ਦੇ ਦਿਲ ਦੀ ਜਾਂਚ ਕਰਨ ਲਈ ਉਸ ਦਾ ਇਲੈਕਟ੍ਰੋਕਾਰਡੀਓਗ੍ਰਾਮ (ਈ.ਸੀ.ਜੀ.) ਕਰਵਾਇਆ, ਪਰ ਪ੍ਰਸ਼ਾਂਤ ਨੂੰ ਦਸਿਆ ਗਿਆ ਸੀ ਕਿ ਕੁੱਝ ਵੀ ਵੱਡੀ ਗੱਲ ਨਹੀਂ ਹੈ। 

ਕੁਮਾਰ ਨੇ ਕਿਹਾ ਕਿ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਨਰਸਾਂ ਨੇ ਪ੍ਰਸ਼ਾਂਤ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਇਹ ਵਧਦਾ ਹੀ ਜਾ ਰਿਹਾ ਸੀ। ਪ੍ਰਸ਼ਾਂਤ ਨੂੰ ਅੱਠ ਘੰਟੇ ਤੋਂ ਵੱਧ ਸਮਾਂ ਬਾਅਦ ਇਲਾਜ ਦੇ ਖੇਤਰ ਵਿਚ ਬੁਲਾਇਆ ਗਿਆ। ਕੁਮਾਰ ਨੇ ਕਿਹਾ, ‘‘ਸ਼ਾਇਦ 10 ਸਕਿੰਟ ਬੈਠਣ ਤੋਂ ਬਾਅਦ, ਉਸ ਨੇ ਮੇਰੇ ਵਲ ਵੇਖਿਆ, ਉਹ ਉੱਠਿਆ ਅਤੇ ਅਪਣੀ ਛਾਤੀ ਉਤੇ ਅਪਣਾ ਹੱਥ ਰੱਖਿਆ ਅਤੇ ਡਿੱਗ ਗਿਆ।’’

ਨਰਸਾਂ ਨੇ ਮਦਦ ਲਈ ਬੁਲਾਇਆ ਪਰ ਬਹੁਤ ਦੇਰ ਹੋ ਚੁਕੀ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਸ਼ਾਂਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪ੍ਰਸ਼ਾਂਤ ਅਪਣੇ ਪਿੱਛੇ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ, ਜਿਨ੍ਹਾਂ ਦੀ ਉਮਰ ਤਿੰਨ, 10 ਅਤੇ 14 ਸਾਲ ਹੈ। ਪਰਵਾਰ ਅਤੇ ਦੋਸਤ ਇਸ ਬਾਰੇ ਜਵਾਬ ਚਾਹੁੰਦੇ ਹਨ ਕਿ ਛਾਤੀ ਵਿਚ ਗੰਭੀਰ ਦਰਦ ਵਾਲੇ ਵਿਅਕਤੀ ਦਾ ਛੇਤੀ ਇਲਾਜ ਕਿਉਂ ਨਹੀਂ ਕੀਤਾ ਗਿਆ। ਸੋਸ਼ਲ ਮੀਡੀਆ ਉਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ’ਚ ਪ੍ਰਸ਼ਾਂਤ ਦੀ ਪਤਨੀ ਕਈ ਘੰਟਿਆਂ ਤਕ ਚੱਲੀ ਮੁਸੀਬਤ ਦਾ ਵਰਣਨ ਕਰ ਰਹੀ ਹੈ। ਪਰਵਾਰਕ ਦੋਸਤ ਵਰਿੰਦਰ ਭੁੱਲਰ ਨੇ ਕਿਹਾ, ‘‘ਅਸੀਂ ਹਸਪਤਾਲ ਅਤੇ ਸਿਹਤ ਸੰਭਾਲ ਪ੍ਰਣਾਲੀ ਤੋਂ ਬਿਹਤਰ ਦੀ ਉਮੀਦ ਕਰਦੇ ਹਾਂ।’’ ਗ੍ਰੇ ਨਨਜ਼ ਹਸਪਤਾਲ ਕੋਵਨੈਂਟ ਹੈਲਥ ਵਲੋਂ ਚਲਾਇਆ ਜਾਂਦਾ ਹੈ। (ਪੀਟੀਆਈ)