US Snow Storm: ਉੱਤਰ-ਪੂਰਬੀ ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

US Snow Storm: ਕਈ ਘਰਾਂ ਦੀ ਬਿਜਲੀ ਹੋਈ ਗੁੱਲ

US Snow Storm

ਨਿਊਯਾਰਕ: ਸੋਮਵਾਰ ਨੂੰ ਉੱਤਰ-ਪੂਰਬੀ ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਦੇ ਆਖ਼ਰੀ ਪੜਾਅ ਨੇ ਦੱਖਣ ਦੇ ਕੁਝ ਹਿਸਿਆਂ ਵਿਚ ਹੋਰ ਬਰਫ਼ਬਾਰੀ ਅਤੇ ਜਮਾ ਦੇਣ ਵਾਲੀ ਬਾਰਸ਼ ਲਿਆਂਦੀ, ਜਿਸ ਕਾਰਨ ਲੱਖਾਂ ਲੋਕ ਬਿਜਲੀ ਤੋਂ ਸੱਖਣੇ ਹੋ ਗਏ। ਅਰਕਾਨਸਾਸ ਤੋਂ ਨਿਊ ਇੰਗਲੈਂਡ ਤਕ 2100 ਕਿਲੋਮੀਟਰ ਦੇ ਖੇਤਰ ਵਿਚ ਸੋਮਵਾਰ ਨੂੰ ਇਕ ਫ਼ੁਟ ਤੋਂ ਵੱਧ ਬਰਫ਼ਬਾਰੀ ਨੇ ਸੜਕੀ ਆਵਾਜਾਈ ਨੂੰ ਪ੍ਰਭਾਵਤ ਕੀਤਾ, ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਅਤੇ ਸਕੂਲ ਬੰਦ ਕਰ ਦਿਤੇ ਗਏ।

ਰਾਸ਼ਟਰੀ ਮੌਸਮ ਸੇਵਾ ਨੇ ਰਿਪੋਰਟ ਦਿਤੀ ਕਿ ਪਿਟਸਬਰਗ ਦੇ ਉੱਤਰ ਵਾਲੇ ਖੇਤਰਾਂ ਵਿਚ 20 ਇੰਚ ਤਕ ਬਰਫ਼ ਪਈ ਅਤੇ ਤਾਪਮਾਨ ਮਨਫ਼ੀ 31 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਅਧਿਕਾਰੀਆਂ ਨੇ ਕਿਹਾ ਕਿ ਤੂਫ਼ਾਨ ਵਿਚ ਘੱਟੋ-ਘੱਟ 30 ਲੋਕ ਮਾਰੇ ਗਏ।‘ਪਾਵਰ ਆਉਟੇਜ ਡਾਟਕਾਮ’ ਦੇ ਅਨੁਸਾਰ, ਸੋਮਵਾਰ ਦੁਪਹਿਰ ਤਕ ਦੇਸ਼ ਭਰ ਵਿਚ 7,50,000 ਤੋਂ ਵੱਧ ਸਥਾਨਾਂ ਉਤੇ ਬਿਜਲੀ ਗੁਲ ਰਹੀ।

ਮਿਸੀਸਿਪੀ ਦੇ ਕੁਝ ਹਿੱਸੇ 1994 ਤੋਂ ਬਾਅਦ ਰਾਜ ਦੇ ਸਭ ਤੋਂ ਭਿਆਨਕ ਬਰਫ਼ੀਲੇ ਤੂਫ਼ਾਨ ਨਾਲ ਜੂਝ ਰਹੇ ਹਨ। ਮਿਸੀਸਿਪੀ ਯੂਨੀਵਰਸਿਟੀ ਨੇ ਪੂਰੇ ਹਫ਼ਤੇ ਲਈ ਕਲਾਸਾਂ ਰੱਦ ਕਰ ਦਿਤੀਆਂ ਕਿਉਂਕਿ ਬਰਫ਼ ਨੇ ਆਕਸਫੋਰਡ ਕੈਂਪਸ ਨੂੰ ਢੱਕ ਦਿਤਾ।

ਫ਼ਲਾਈਟ ਟਰੈਕਿੰਗ ਵੈੱਬਸਾਈਟ ‘ਫ਼ਲਾਈਟ ਅਵੇਅਰ’ ਅਨੁਸਾਰ, ਸੋਮਵਾਰ ਨੂੰ ਅਮਰੀਕਾ ਵਿਚ 8,000 ਤੋਂ ਵੱਧ ਉਡਾਣਾਂ ਦੇਰੀ ਨਾਲ ਜਾਂ ਰੱਦ ਕੀਤੀਆਂ ਗਈਆਂ। ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਸਿਰੀਅਮ ਅਨੁਸਾਰ, ਐਤਵਾਰ ਨੂੰ 45 ਫ਼ੀ ਸਦੀ ਅਮਰੀਕੀ ਉਡਾਣਾਂ ਰੱਦ ਕੀਤੀਆਂ ਗਈਆਂ। ਇਹ ਪਹਿਲੀ ਵਾਰ ਹੈ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇੰਨੀ ਵੱਡੀ ਗਿਣਤੀ ਵਿਚ ਉਡਾਣਾਂ ਰੱਦ ਕੀਤੀਆਂ ਗਈਆਂ ਹਨ।     (ਏਜੰਸੀ)