ਜੇ ਜੰਗ ਲੱਗੀ ਤਾਂ ਨਾ ਮੇਰੇ ਤੇ ਨਾ ਮੋਦੀ ਦੇ ਵੱਸ ਵਿਚ ਰਹੇਗੀ : ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਭਾਰਤ ਦੇ ਦੋ ਮਿਗ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਪਾਰ ਕੀਤੀ

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਭਾਰਤ ਦੇ ਦੋ ਮਿਗ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਪਾਰ ਕੀਤੀ ਅਤੇ ਉਨ੍ਹਾਂ ਨੂੰ ਗੋਲਾਬਾਰੀ ਨਾਲ ਡੇਗ ਦਿਤਾ ਗਿਆ। ਨਾਲ ਹੀ ਉਨ੍ਹਾਂ ਪਰਮਾਣੂ ਹਥਿਆਰਾਂ ਨਾਲ ਸੰਪੰਨ ਦੇਹਾਂ ਦੇਸ਼ਾਂ ਵਿਚਲੇ ਤਣਾਅ ਨੂੰ ਘਟਾਉਣ ਤੇ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੀ ਪੇਸ਼ਕਸ਼ ਕੀਤੀ। ਖ਼ਾਨ ਨੇ ਸਰਕਾਰੀ ਟੈਲੀਵਿਜ਼ਨ 'ਤੇ ਕਿਹਾ, 'ਮੈਂ ਭਾਰਤ ਨੂੰ ਪੁਛਦਾ ਹਾਂ-ਤੁਹਾਡੇ ਕੋਲ ਜਿਹੜੇ ਹਥਿਆਰ ਹਨ ਅਤੇ ਸਾਡੇ ਕੋਲ ਜਿਹੜੇ ਹਥਿਆਰ ਹਨ, ਕੀ ਅਸੀਂ ਕੋਈ ਜੋਖਮ ਉਠਾ ਸਕਦੇ ਹਾਂ?

ਜੇ ਇਹ ਹਾਲਾਤ ਵਿਗੜਦੇ ਹਨ ਤਾਂ ਇਹ ਨਾ ਤਾਂ ਮੇਰੇ ਵੱਸ ਵਿਚ ਹੋਣਗੇ ਅਤੇ ਨਾ ਹੀ ਨਰਿੰਦਰ ਮੋਦੀ ਦੇ ਵੱਸ ਵਿਚ।' ਇਮਰਾਨ ਨੇ ਕਿਹਾ, 'ਆਉ ਇਕੱਠੇ ਬੈਠਦੇ ਹਾਂ ਅਤੇ ਗੱਲਬਾਤ ਜ਼ਰੀਏ ਮਸਲੇ ਸੁਲਝਾਉਂਦੇ ਹਾਂ।' ਉਨ੍ਹਾਂ ਕਿਹਾ, 'ਸਾਡੀ ਕਾਰਵਾਈ ਸਿਰਫ਼ ਇਹ ਸੰਦੇਸ਼ ਦੇਣ ਲਈ ਸੀ ਕਿ ਜੇ ਤੁਸੀਂ ਸਾਡੇ ਦੇਸ਼ ਵਿਚ ਆ ਸਕਦੇ ਹੋ ਤਾਂ ਅਸੀਂ ਵੀ ਅਜਿਹਾ ਕਰ ਸਕਦੇ ਹਾਂ। ਉਨ੍ਹਾਂ ਦੇ ਦੋ ਜਹਾਜ਼ ਅਸੀਂ ਡੇਗ ਦਿਤੇ ਹਨ।' ਖ਼ਾਨ ਦੀ ਇਹ ਟਿਪਣੀ ਭਾਰਤ ਦੁਆਰਾ ਇਹ ਕਹੇ ਜਾਣ ਮਗਰੋਂ ਆਈ ਕਿ ਅਤਿਵਾਦੀਆਂ ਵਿਰੁਧ ਭਾਰਤ ਦੀ ਕਾਰਵਾਈ ਦੇ ਜਵਾਬ ਵਿਚ ਪਾਕਿਸਤਾਨ ਨੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਣੀ ਫ਼ੌਜ ਨੂੰ ਵਰਤਿਆ

ਪਰ ਉਸ ਦੇ ਯਤਨਾਂ ਨੂੰ ਸਫ਼ਲਤਾ ਨਾਲ ਨਾਕਾਮ ਕਰ ਦਿਤਾ ਗਿਆ। ਉਂਜ ਇਸ ਕਾਰਵਾਈ ਵਿਚ ਇਕ ਭਾਰਤੀ ਜਹਾਜ਼ ਚਾਲਕ ਲਾਪਤਾ ਹੋ ਗਿਆ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਸਾਰੀਆਂ ਜੰਗਾਂ ਵਿਚ ਸਾਰੇ ਕਿਆਫ਼ੇ ਧਰੇ-ਧਰਾਏ ਰਹਿ ਜਾਂਦੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਜੰਗ ਦਾ ਅੰਤ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਦੋਹਾਂ ਧਿਰਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।  (ਏਜੰਸੀ)