ਕੈਨੇਡਾ ਨੂੰ ਮਹਿੰਗਾ ਪੈਣ ਲੱਗਾ ਇੰਗਲੈਂਡ ਦੇ ਸ਼ਾਹੀ ਜੋੜੇ ਦਾ ਸਵਾਗਤ! ਜਾਣੋ ਕਿਵੇਂ?  

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਰੱਖਿਆ ਦਾ ਖ਼ਰਚਾ ਲੋਕਾਂ ਵਲੋਂ ਦਿਤੇ ਜਾਂਦੇ ਟੈਕਸ 'ਚੋਂ ਕਰਨ ਦਾ ਵਿਰੋਧ

file photo

ਟੋਰਾਂਟੋ : ਇੰਗਲੈਂਡ ਦੇ ਸ਼ਾਹੀ ਪਰਵਾਰ ਤੋਂ ਵੱਖ ਹੋਣ ਵਾਲੇ ਜੋੜੇ ਦਾ ਭਰਵਾਂ ਸਵਾਗਤ ਕਰਨ ਵਾਲੇ ਕੈਨੇਡਾ ਨੂੰ ਹੁਣ ਅਪਣਾ ਇਹ ਫ਼ੈਸਲਾ ਮਹਿੰਗਾ ਪੈਂਦਾ ਜਾਪ ਰਿਹਾ ਹੈ। ਨਵਾਂ ਵਿਵਾਵ ਸ਼ਾਹੀ ਜੋੜੇ ਦੀ ਸੁਰੱਖਿਆ 'ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਪੈਦਾ ਹੋਇਆ ਹੈ, ਜਿਸ ਦਾ ਕੈਨੇਡਾ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਾਬਲੇਗੌਰ ਹੈ ਕਿ ਕੁੱਝ ਮਹੀਨੇ ਪਹਿਲਾਂ ਇੰਗਲੈਂਡ ਦੇ ਸ਼ਾਹੀ ਜੋੜੇ ਹੈਰੀ ਤੇ ਮੇਗਨ ਨੇ ਸ਼ਾਹੀ ਪਰਵਾਰ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਇਸ ਜੋੜੀ ਨੇ ਕੈਨੇਡਾ ਵਿਚ ਰਹਿਣ ਦਾ ਐਲਾਨ ਕੀਤਾ, ਜਿਸ ਦਾ ਕੈਨੇਡਾ ਨੇ ਭਰਵਾਂ ਸਵਾਗਤ ਕੀਤਾ ਸੀ।

ਪਰ ਹੁਣ ਜਦੋਂ ਇਸ ਸ਼ਾਹੀ ਜੋੜੇ ਨੇ ਕੈਨੇਡਾ ਵਿਚ ਰਹਿਣਾ ਸ਼ੁਰੂ ਕਰ ਦਿਤਾ ਹੈ ਤਾਂ ਇਨ੍ਹਾਂ ਦੀ ਸੁਰੱਖਿਆ 'ਤੇ ਆਉਣ ਵਾਲੇ ਖ਼ਰਚ ਨੂੰ ਲੈ ਕੇ ਕੈਨੈਡਾ ਅੰਦਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕੈਨੇਡਾ ਦੇ ਲੋਕਾਂ ਨੇ 80 ਹਜ਼ਾਰ ਦਸਤਖ਼ਤਾਂ ਵਾਲੀ ਇਕ ਪਟੀਸ਼ਨ ਪਾਈ ਹੈ। ਪਟੀਸ਼ਨ ਵਿਚ ਸ਼ਾਹੀ ਜੋੜੇ ਦੀ ਸੁਰੱਖਿਆ 'ਤੇ ਹੋਣ ਵਾਲੇ ਖ਼ਰਚ ਦਾ ਭੁਗਤਾਨ ਲੋਕਾਂ ਵਲੋਂ ਦਿਤੇ ਜਾਂਦੇ ਟੈਕਸ ਵਿਚੋਂ ਕਰਨ ਦਾ ਵਿਰੋਧ ਕੀਤਾ ਗਿਆ ਹੈ।

ਇਸੇ ਦੌਰਾਨ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਦੇ ਦਫ਼ਤਰ ਤੋਂ ਇਸ ਸਬੰਧੀ ਇਕ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ ਮਾਰਚ ਤੋਂ ਸ਼ਾਹੀ ਜੋੜੇ ਦੀ ਸੁਰੱਖਿਆ 'ਤੇ ਹੋਣ ਵਾਲੇ ਖ਼ਰਚ ਦੀ ਅਦਾਇਗੀ ਕੈਨੇਡਾ ਵਲੋਂ ਨਹੀਂ ਕੀਤੀ ਜਾਵੇਗੀ।

ਦੱਸ ਦਈਏ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਅੰਤਰਰਾਸ਼ਟਰੀ ਤੌਰ 'ਤੇ ਸੁਰੱਖਿਅਤ ਵਿਅਕਤੀਆਂ ਦੇ ਸੰਮੇਲਨ ਦੇ ਤਹਿਤ ਸ਼ਾਹੀ ਜੋੜੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਪ੍ਰਿੰਸ ਹੈਰੀ ਅਤੇ ਮੇਗਨ ਵੀ ਅੰਤਰ ਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਹਨ, ਜਿਸ ਕਾਰਨ ਕੈਨੇਡਾ ਵਲੋਂ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਮਜ਼ਬੂਰੀ ਹੈ।

ਇਸ ਜੋੜੀ ਦੇ ਕਾਫ਼ਲੇ ਵਿਚ 5 ਹਾਈ ਪ੍ਰੋਫ਼ਾਈਲ ਗੱਡੀਆਂ ਸ਼ਾਮਲ ਹੁੰਦੀਆਂ ਹਨ। ਦੋਵਾਂ ਦੀ ਸੁਰੱਖਿਆ 'ਤੇ 10 ਤੋਂ 30 ਮਿਲੀਅਨ ਡਾਲਰ ਤਕ ਦਾ ਖ਼ਰਚਾ ਆਉਂਦਾ ਹੈ। ਦੱਸਣਯੋਗ ਹੈ ਕਿ 31 ਮਾਰਚ ਨੂੰ ਇਸ ਜੋੜੇ ਦੇ ਸ਼ਾਹੀ ਪਰਵਾਰ ਤੋਂ ਵੱਖ ਸਮਝਿਆ ਜਾਵੇਗਾ ਜਿਸ ਤੋਂ ਬਾਅਦ ਹੈਰੀ ਪ੍ਰਿੰਸ ਨਹੀਂ ਰਹਿਣਗੇ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਖ਼ਤਮ ਹੋ ਜਾਣਗੀਆਂ।