ਯੂਕਰੇਨ 'ਚ ਲੋਕਾਂ ਦੀ ਸੁਰੱਖਿਆ ਲਈ ਗੂਗਲ ਨੇ ਚੁੱਕਿਆ ਵੱਡਾ ਕਦਮ, ਗੂਗਲ ਮੈਪਸ ਦਾ ਲਾਈਵ ਟ੍ਰੈਫਿਕ ਟੂਲ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਟੂਲ ਨਾਲ ਲਾਈਵ ਟ੍ਰੈਫਿਕ ਸਥਿਤੀਆਂ ਬਾਰੇ ਮਿਲਦੀ ਸੀ ਜਾਣਕਾਰੀ

Google

 

ਕੀਵ: ਗੂਗਲ ਨੇ ਯੂਕਰੇਨ ਵਿੱਚ ਕੁਝ ਗੂਗਲ ਮੈਪਸ ਟੂਲਸ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਇਹਨਾਂ ਟੂਲਸ ਰਾਹੀਂ, ਲਾਈਵ ਟ੍ਰੈਫਿਕ ਸਥਿਤੀ ਅਤੇ ਵੱਖ-ਵੱਖ ਥਾਵਾਂ 'ਤੇ ਕਿੰਨੀ ਭੀੜ ਹੈ ਇਸ ਬਾਰੇ ਪਤਾ ਲਗਾਇਆ ਜਾ ਸਕਦਾ ਸੀ।

 

 

ਅਲਫਾਬੇਟ ਇੰਕ. ਦੀ ਕੰਪਨੀ ਗੂਗਲ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਉਸ ਨੇ ਦੇਸ਼ ਵਿੱਚ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਰੀ ਅਧਿਕਾਰੀਆਂ ਸਮੇਤ ਸਰੋਤਾਂ ਤੋਂ ਸਲਾਹ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਯੂਕਰੇਨ 'ਤੇ ਰੂਸੀ ਫੌਜ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।

 

ਰੂਸ ਅਤੇ ਯੂਕਰੇਨ ਵਿਚਕਾਰ ਛਿੜੀ ਜੰਗ ਦੇ ਕਾਰਨ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਅਤੇ ਉਨ੍ਹਾਂ ਦੇ ਦੇਸ਼ 'ਤੇ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ। ਰੂਸ ਨੇ ਪਿਛਲੇ ਹਫ਼ਤੇ ਯੂਕਰੇਨ ਨਾਲ ਜੰਗ ਸ਼ੁਰੂ ਕਰ ਦਿੱਤੀ ਸੀ। ਇਸ ਪੂਰੀ ਘਟਨਾ ਨੂੰ ਗੂਗਲ ਮੈਪਸ ਰਾਹੀਂ ਵੀ ਦੇਖਿਆ ਗਿਆ, ਜਿਸ ਵਿਚ ਰੂਸੀ ਫੌਜੀ ਵਾਹਨਾਂ ਦੀ ਆਵਾਜਾਈ ਵੀ ਸ਼ਾਮਲ ਸੀ।

 

ਇਸ ਕਾਰਨ ਵੱਡੀ ਗਿਣਤੀ 'ਚ ਯੂਕਰੇਨ ਦੇ ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ 'ਚ ਸ਼ਰਨ ਲੈ ਚੁੱਕੇ ਹਨ। ਇਸ ਕਾਰਨ ਸ਼ਰਨਾਰਥੀ ਸੰਕਟ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਗੂਗਲ ਸਮੇਤ ਵੱਡੀਆਂ ਤਕਨੀਕੀ ਕੰਪਨੀਆਂ ਨੇ ਕਿਹਾ ਹੈ ਕਿ ਉਹ ਇਸ ਖੇਤਰ ਵਿੱਚ ਉਪਭੋਗਤਾਵਾਂ ਦੀ ਸੁਰੱਖਿਆ ਲਈ ਨਵੇਂ ਉਪਾਅ ਕਰ ਰਹੇ ਹਨ।

ਇਸ ਜੰਗ ਵਿੱਚ ਜਿੱਥੇ ਦੋਵਾਂ ਧਿਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਯੂਕਰੇਨ ਨੇ ਆਪਣੇ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਨੇ ਇਸ ਮਾਮਲੇ 'ਤੇ ਹੁਣ ਤੱਕ ਚੁੱਪੀ ਧਾਰੀ ਹੋਈ ਸੀ ਪਰ ਐਤਵਾਰ ਨੂੰ, ਰੂਸ ਦੀ ਫੌਜ ਨੇ ਮੰਨਿਆ ਕਿ ਯੂਕਰੇਨ ਦੇ ਨਾਲ ਚੱਲ ਰਹੇ ਯੁੱਧ ਵਿੱਚ ਉਸਦੇ ਕੁਝ ਸੈਨਿਕਾਂ ਨੂੰ ਜਾਨੀ ਨੁਕਸਾਨ ਹੋਇਆ ।