Donald Trump News : ਅਮਰੀਕੀ ਕੰਪਨੀਆਂ ਭਾਰਤੀ ਗਰੈਜੂਏਟਾਂ ਨੂੰ ਨਿਯੁਕਤ ਕਰ ਸਕਣਗੀਆਂ: ਟਰੰਪ
Donald Trump News : ਪ੍ਰਸਤਾਵਤ ਗੋਲਡ ਕਾਰਡ ਯੋਜਨਾ ਤਹਿਤ ਮਿਲੇਗੀ ਇਜਾਜ਼ਤ
US companies will be able to hire Indian graduates: Trump Latest News in Punjabi : ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਸਤਾਵਿਤ ‘ਗੋਲਡ ਕਾਰਡ’ ਯੋਜਨਾ ਨਾਲ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫ਼ੋਰਡ ਜਿਹੀਆਂ ਸਿਖਰਲੀਆਂ ਯੂਨੀਵਰਸਿਟੀਆਂ ਤੋਂ ਭਾਰਤੀ ਗਰੈਜੂਏਟਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮਿਲੇਗੀ।
ਟਰੰਪ ਨੇ ਬੁਧਵਾਰ ਨੂੰ ਅਮੀਰ ਵਿਦੇਸ਼ੀਆਂ ਲਈ ‘ਗੋਲਡ ਕਾਰਡ’ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ 50 ਲੱਖ ਅਮਰੀਕੀ ਡਾਲਰ ਫੀਸ ਦੇ ਬਦਲੇ ਉਨ੍ਹਾਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿਤਾ ਜਾਵੇਗਾ ਅਤੇ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਾਰਡਾਂ ਦੀ ਵਿਕਰੀ ਕਰੀਬ ਦੋ ਹਫ਼ਤਿਆਂ ’ਚ ਸ਼ੁਰੂ ਹੋਵੇਗੀ ਅਤੇ ਅਜਿਹੇ ਲੱਖਾਂ ਕਾਰਡ ਵੇਚੇ ਜਾ ਸਕਦੇ ਹਨ। ‘ਸੀਐੱਨਐੱਨ’ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ, ‘ਅਸੀਂ ਗੋਲਡ ਕਾਰਡ ਵੇਚਣ ਜਾ ਰਹੇ ਹਾਂ। ਤੁਹਾਡੇ ਕੋਲ ਗਰੀਨ ਕਾਰਡ ਹੈ। ਇਹ ਇਕ ਗੋਲਡ ਕਾਰਡ ਹੈ। ਅਸੀਂ ਇਸ ਕਾਰਡ ਦੀ ਕੀਮਤ ਕਰੀਬ 50 ਲੱਖ ਡਾਲਰ ਰੱਖਣ ਜਾ ਰਹੇ ਹਾਂ ਅਤੇ ਇਸ ਨਾਲ ਤੁਹਾਨੂੰ ਗਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਮਿਲਣਗੇ। ਇਸ ਦੇ ਨਾਲ ਹੀ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਵੀ ਪੱਧਰਾ ਹੋਵੇਗਾ। ਇਹ ਕਾਰਡ ਖ਼ਰੀਦ ਕੇ ਅਮੀਰ ਲੋਕ ਅਮਰੀਕਾ ਦਾ ਰੁਖ਼ ਕਰਨਗੇ।’
ਟਰੰਪ ਨੇ ਕਿਹਾ ਕਿ ਮੌਜੂਦਾ ਇਮੀਗਰੇਸ਼ਨ ਪ੍ਰਣਾਲੀ ਨੇ ਕੌਮਾਂਤਰੀ ਪ੍ਰਤਿਭਾਵਾਂ ਖਾਸ ਕਰ ਕੇ ਭਾਰਤੀਆਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਤੋਂ ਰੋਕ ਦਿਤਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਕੋਈ ਵਿਅਕਤੀ ਭਾਰਤ, ਚੀਨ, ਜਪਾਨ ਅਤੇ ਹੋਰ ਮੁਲਕਾਂ ਤੋਂ ਆਉਂਦਾ ਹੈ। ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫ਼ਾਇਨਾਂਸ ’ਚ ਪੜ੍ਹਾਈ ਕਰਦਾ ਹੈ। ਉਨ੍ਹਾਂ ਨੂੰ ਨੌਕਰੀ ਦੇ ਮੌਕੇ ਮਿਲਦੇ ਹਨ ਪਰ ਇਹ ਮੌਕੇ ਪ੍ਰਭਾਵਤ ਹੁੰਦੇ ਹਨ ਕਿਉਂਕਿ ਇਸ ਬਾਰੇ ਕੁੱਝ ਵੀ ਪੱਕਾ ਨਹੀਂ ਹੈ ਕਿ ਉਹ ਵਿਅਕਤੀ ਮੁਲਕ ’ਚ ਰਹਿ ਸਕਦਾ ਹੈ ਜਾਂ ਨਹੀਂ।’ ਟਰੰਪ ਨੇ ਕਿਹਾ ਕਿ ਇਸ ਕਾਰਨ ਕਈ ਪ੍ਰਤਿਭਾਸ਼ਾਲੀ ਗਰੈਜੂਏਟ, ਜਿਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜ਼ਬੂਰ ਹੋਣਾ ਪਿਆ, ਅਪਣੇ ਮੁਲਕ ’ਚ ਸਫ਼ਲ ਕਾਰੋਬਾਰੀ ਬਣ ਗਏ।
ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਜਾਂ ਅਪਣੇ ਮੁਲਕ ਪਰਤਦੇ ਹਨ ਅਤੇ ਉਥੇ ਕਾਰੋਬਾਰ ਸ਼ੁਰੂ ਕਰ ਕੇ ਅਰਬਪਤੀ ਬਣ ਜਾਂਦੇ ਹਨ ਅਤੇ ਹਜ਼ਾਰਾਂ ਵਿਅਕਤੀਆਂ ਨੂੰ ਰੁਜ਼ਗਾਰ ਦਿੰਦੇ ਹਨ। ਟਰੰਪ ਨੇ ਕਿਹਾ ਕਿ ਕੋਈ ਵੀ ਕੰਪਨੀ ਗੋਲਡ ਕਾਰਡ ਖ਼ਰੀਦ ਸਕਦੀ ਹੈ ਅਤੇ ਇਸ ਦੀ ਵਰਤੋਂ ਗਰੈਜੂਏਟਾਂ ਦੀ ਭਰਤੀ ’ਚ ਕਰ ਸਕਦੀ ਹੈ।