ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਚੀਨ ਦੇ ਦੌਰੇ 'ਤੇ ਹਨ। ਚੀਨੀ ਮੀਡੀਆ ਦੀ ਰੀਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਚੀਨ ਅਤੇ ਉੱਤਰ ਕੋਰੀਆ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਫ਼ੌਜ ਦੀ ਤੈਨਾਤੀ ਕੀਤੀ ਗਈ ਹੈ। ਹਾਲਾਂਕਿ ਕਿਮ ਦੇ ਚੀਨ ਦੌਰੇ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਜੇ ਅਜਿਹਾ ਹੁੰਦਾ ਹੈ ਤਾਂ 2011 'ਚ ਸੱਤਾ ਸੰਭਾਲਣ ਤੋਂ ਬਾਅਦ ਦੇਸ਼ ਦੇ ਬਾਹਰ ਉਸ ਦਾ ਪਹਿਲਾ ਦੌਰਾ ਹੋਵੇਗਾ।ਕਿਮ ਜੋਂਗ ਦੇ ਦੌਰੇ ਸਬੰਧੀ ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਇੰਟੈਲੀਜੈਂਸ ਸਿਸਟਮ ਨੂੰ ਦੁਨੀਆਂ 'ਚ ਸੱਭ ਤੋਂ ਵਧੀਆ ਮੰਨਿਆ ਜਾਂਦਾ ਹੈ, ਉਸ ਨੂੰ ਵੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਮ ਜੋਂਗ ਚੀਨ ਪਹੁੰਚੇ ਹੋਏ ਹਨ।ਇਸ ਗੱਲ ਦੀ ਚਰਚਾ ਜੋਰਾਂ 'ਤੇ ਹੈ ਕਿ ਕਿਮ ਨੇ ਬੀਜਿੰਗ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਹੈ।
ਦੋਹਾਂ ਵਿਚਕਾਰ ਹੋਈ ਮੁਲਾਕਾਤ ਬਾਰੇ ਹਾਲੇ ਤਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਅਤੇ ਸਿਰਫ਼ ਕੁਝ ਗੱਲਾਂ ਦੇ ਆਧਾਰ 'ਤੇ ਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੋਹਾਂ ਆਗੂਆਂ ਵਿਚਕਾਰ ਕਈ ਅਹਿਮ ਗੱਲਾਂ 'ਤੇ ਚਰਚਾ ਹੋਈ ਹੋਵੇਗੀ।ਜਾਪਾਨੀ ਮੀਡੀਆ ਨੇ ਦਸਿਆ ਕਿ ਇਕ ਸੀਨੀਅਰ ਉੱਤਰ ਕੋਰੀਆਈ ਅਹੁਦੇਦਾਰ ਨੂੰ ਲੈ ਕੇ ਇਕ ਰੇਲ ਗੱਡੀ ਬੀਜਿੰਗ ਪਹੁੰਚੀ ਹੈ। ਟੋਕਿਉ ਸਥਿਤ ਨਿਪੋਨ ਨਿਊਜ਼ ਨੈਟਵਰਕ ਨੇ ਹਰੇ ਡੱਬਿਆਂ ਉਤੇ ਪੀਲੀ ਲਕੀਰਾਂ ਵਾਲੀ ਉਸ ਰੇਲ ਗੱਡੀ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਹਨ।ਚੈਨਲ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਦੇ ਪਿਤਾ ਅਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ-ਇਲ 2011 'ਚ ਜਿਸ ਰੇਲ ਗੱਡੀ ਤੋਂ ਬੀਜਿੰਗ ਪਹੁੰਚੇ ਸਨ, ਉਹ ਵੀ ਕੁਝ ਅਜਿਹੀ ਹੀ ਵਿਖਾਈ ਦਿੰਦੀ ਸੀ। ਹਾਲਾਂਕਿ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਮ ਜੋਂਗ ਚੀਨ 'ਚ ਕਿੰਨੇ ਦਿਨ ਰੁਕਣਗੇ। (ਪੀਟੀਆਈ)