ਅਮਰੀਕੀ ਏਅਰਪੋਰਟ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਤਲਾਸ਼ੀ ਦੌਰਾਨ ਲੁਹਾਏ ਕੱਪੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਮਰੀਕਾ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਨ ਆਫ਼ ਕੈਨੇਡੀ ਏਅਰਪੋਰਟ 'ਤੇ ਸਖ਼ਤ...

Shahid Khaqan Abbasi

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਮਰੀਕਾ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਨ ਆਫ਼ ਕੈਨੇਡੀ ਏਅਰਪੋਰਟ 'ਤੇ ਸਖ਼ਤ ਸੁਰੱਖਿਆ ਤੋਂ ਲੰਘਣਾ ਪਿਆ। ਜਿਥੇ ਉਨ੍ਹਾਂ ਨਾਲ ਆਮ ਆਦਮੀ ਦੇ ਵਰਗਾ ਸਲੂਕ ਕੀਤਾ ਗਿਆ ਅਤੇ ਇਕ ਆਮ ਨਾਗਰਿਕ ਵਾਂਗ ਹੀ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਸ ਫੇਰੀ ਦੌਰਾਨ ਹੀ ਉਨ੍ਹਾਂ ਨੂੰ ਇਸ ਅਪਮਾਨਜਨਕ ਸਥਿਤੀ ਤੋਂ ਲੰਘਣਾ ਪਿਆ ਜਿਥੇ ਉਨ੍ਹਾਂ ਕੋਲੋਂ ਏਅਰਪੋਰਟ 'ਤੇ ਪੁਛਗਿਛ ਕੀਤੀ ਗਈ ਅਤੇ ਉਨ੍ਹਾਂ ਦੀ ਤਲਾਸ਼ੀ ਵੀ ਲਈ ਗਈ। ਪਾਕਿਸਤਾਨ 'ਚ ਉਨ੍ਹਾਂ ਨਾਲ ਏਅਰਪੋਰਟ 'ਤੇ ਕੀਤੀ ਗਈ ਇਸ ਬਦਸਲੂਕੀ ਦੇ ਕਾਰਨ ਭਾਰੀ ਰੋਸ ਹੈ ਅਤੇ ਪਾਕਿਸਤਾਨ 'ਚ ਚੈਨਲਾਂ ਨੇ ਇਸ ਨਾਲ ਜੁੜੀ ਵੀਡੀਉ ਨੂੰ ਦਿਖਾਇਆ ਹੈ।

 ਇਸ ਵੀਡੀਉ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਮ ਨਾਗਰਿਕਾਂ ਵਾਂਗ ਕੱਪੜੇ ਲਾਹ ਕੇ ਚੈਕਿੰਗ 'ਚੋਂ ਗੁਜ਼ਰਨਾ ਪਿਆ। ਇਹ ਗੱਲ ਦਸਣਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਸਰਕਾਰ ਪਾਕਿਸਤਾਨ 'ਤੇ ਵੀਜ਼ਾ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਨਾਲ ਹੀ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ 'ਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਅੱਬਾਸੀ ਅਪਣੀ ਬੀਮਾਰ ਭੈਣ ਨੂੰ ਮਿਲਣ ਦੇ ਲਈ ਨਿੱਜੀ ਦੌਰੇ 'ਤੇ ਅਮਰੀਕਾ ਗਏ ਸਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਮੁਲਾਕਾਤ ਵੀ ਕੀਤੀ ਸੀ। 

ਪਾਕਿ ਮੀਡੀਆ ਕਹਿ ਰਿਹਾ ਹੈ ਕਿ ਪ੍ਰਾਈਵੇਟ ਦੌਰੇ 'ਤੇ ਵੀ ਅਜਿਹੀ ਚੈਕਿੰਗ ਹੋਣੀ ਦੇਸ਼ ਦੀ ਬੇਇੱਜ਼ਤੀ ਹੈ। ਪਾਕਿਸਤਾਨੀ ਟੀਵੀ ਐਂਕਰ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਤੇ ਅਜਿਹੇ ‘ਚ ਨਿੱਜੀ ਦੌਰੇ ਜਿਹੀ ਕੋਈ ਗੱਲ ਨਹੀਂ ਹੁੰਦੀ। ਪਰ ਇਹ ਗੱਲ ਖ਼ਾਸ ਕਰ ਕੇ ਧਿਆਨ ਦੇਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਹ ਗੱਲ ਉਦੋਂ ਵਾਪਰੀ ਜਦੋਂ ਕਿ ਅਮਰੀਕਾ ਨੇ 7 ਪਾਕਿਸਤਾਨੀ ਕੰਪਨੀਆਂ 'ਤੇ ਪ੍ਰਮਾਣੂ ਵਪਾਰ ਦੇ ਸ਼ੱਕ ਦੇ ਅਧਾਰ 'ਤੇ ਪਾਬੰਦੀ ਲਗਾ ਦਿਤੀ ਸੀ। ਜ਼ਿਕਰਯੋਗ ਹੈ ਕਿ ਇਹ ਸਾਰਾ ਕੁੱਝ ਉਸ ਸਮੇਂ ਵਾਪਰ ਰਿਹਾ ਹੈ ਜਦੋਂ ਭਾਰਤ ਅੰਤਰਰਾਸ਼ਟਰੀ ਪੱਧਰ 'ਤੇ ਇਹ ਅਾਵਾਜ਼ ਉਠਾ ਰਿਹਾ ਹੈ ਕਿ ਅਤਿਵਾਦ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਪਾਕਿਸਤਾਨ ਅਾਰਥਿਕ ਪਾਬੰਦੀਆਂ ਲਗਾਈਆਂ ਜਾਣ। ਪਾਕਿਸਤਾਨੀ ਹੁਕਮਰਾਨ ਬੇਸ਼ੱਕ ਇਸ ਦੌਰੇ ਨੂੰ ਨਿਜੀ ਕਹਿ ਕੇ ਬੇਇੱਜ਼ਤੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਇਹ ਸਚਾਈ ਸਾਹਮਣੇ ਆ ਗਈ ਹੈ ਕਿ ਅਤਿਵਾਦ ਦੇ ਸਮਰਥਕਾਂ ਦੇ ਵਿਰੁਧ ਅਮਰੀਕਾ ਦਾ ਰਵਈਆ ਕੀ ਹੈ।