ਅਫ਼ਗਾਨਿਸਤਾਨ 'ਚ ਸਾਂਝੇ ਤੌਰ 'ਤੇ ਆਰਥਿਕ ਪ੍ਰਾਜੈਕਟ 'ਤੇ ਕੰਮ ਕਰਨਗੇ ਭਾਰਤ-ਚੀਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚੀਨ ਦੇ ਦੌਰੇ 'ਤੇ ਹਨ, ਜਿੱਥੇ ਬੀਤੇ ਦਿਨ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਕੀਤੀ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚੀਨ ਦੇ ਦੌਰੇ 'ਤੇ ਹਨ, ਜਿੱਥੇ ਬੀਤੇ ਦਿਨ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਕੀਤੀ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਗੋਖਲੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਚਾਰ ਬੈਠਕਾਂ ਹੋਈਆਂ ਤੇ ਇਸ ਦੌਰਾਨ ਦੋਵੇਂ ਦੇਸ਼ ਸ਼ਾਂਤੀਪੂਰਨ ਮਾਹੌਲ ਬਣਾਏ ਰੱਖਣ ਨੂੰ ਲੈ ਕੇ ਸਹਿਮਤ ਹੋਏ।
ਇਸ ਦੌਰਾਨ ਦੱਸਿਆ ਗਿਆ ਕਿ ਦਿੱਲੀ ਤੋਂ ਤੈਅ ਹੋਇਆ ਸੀ ਕਿ ਕੋਈ ਸਮਝੌਤਾ ਨਹੀਂ ਹੋਵੇਗਾ ਪਰ ਦੋਵੇਂ ਦੇਸ਼ ਕੁੱਝ ਮੁੱਦਿਆਂ 'ਤੇ ਸਹਿਮਤ ਹੋਏ ਹਨ। ਇਸ ਤੋਂ ਇਲਾਵਾ ਸੂਤਰਾਂ ਮੁਤਾਬਿਕ ਭਾਰਤ ਤੇ ਚੀਨ ਯੁੱਧਗ੍ਰਸਤ ਅਫਗਾਨਿਸਤਾਨ ਵਿਚ ਸਾਂਝੇ ਤੌਰ 'ਤੇ ਆਰਥਿਕ ਪ੍ਰਾਜੈਕਟ 'ਤੇ ਕੰਮ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦਾ ਅੱਜ ਦੂਸਰਾ ਦਿਨ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ੀ ਜਿਨਪਿੰਗ ਨੇ ਈਸਟ ਲੇਕ (ਪੂਰਬੀ ਝੀਲ) ਦੇ ਕਿਨਾਰੇ ਸੈਰ ਕਰਦਿਆਂ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।
ਇਸ ਦੇ ਨਾਲ ਹੀ ਈਸਟ ਲੇਕ 'ਚ ਹੀ ਦੋਵਾਂ ਨੇਤਾਵਾਂ ਨੇ ਬੇੜੀ 'ਚ ਬੈਠ ਕੇ ਜਿੱਥੇ ਸੈਰ ਦਾ ਆਨੰਦ ਮਾਣਿਆ ਉਥੇ ਹੀ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਵੀ ਕੀਤੀ।