ਖ਼ਾਲਸਾ ਦਿਵਸ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖ਼ਾਲਸੇ ਦੇ ਪੰਜ ਝੰਡਿਆਂ ਨਾਲ ਕੈਨੇਡਾ ਦਾ ਕੌਮੀ ਝੰਡਾ ਅਤੇ ਖ਼ਾਲਿਸਤਾਨ ਦਾ ਝੰਡਾ ਵੀ ਨਗਰ ਕੀਰਤਨ 'ਚ ਝੁਲਦਾ ਵਿਖਾਈ ਦਿਤਾ

Khalsa Diwas

ਵੈਨਕੂਵਰ, 27 ਅਪ੍ਰੈਲ (ਬਰਾੜ-ਭਗਤਾ ਭਾਈ ਕਾ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਗਿਆ। ਖ਼ਾਲਸੇ ਦੇ ਪੰਜ ਝੰਡਿਆਂ ਨਾਲ ਕੈਨੇਡਾ ਦਾ ਕੌਮੀ ਝੰਡਾ ਅਤੇ ਖ਼ਾਲਿਸਤਾਨ ਦਾ ਝੰਡਾ ਵੀ ਨਗਰ ਕੀਰਤਨ 'ਚ ਝੁਲਦਾ ਵਿਖਾਈ ਦਿਤਾ। ਰੋਇਲ ਕੈਨੇਡੀਅਨ ਮਾਊਂਟੇਨ ਪੁਲਿਸ (ਆਰਸੀਐਮਪੀ) ਦੀ ਸਰਵੇਖਣ ਟੀਮ ਦੀਆਂ ਰੀਪੋਰਟਾਂ ਮੁਤਾਬਕ ਇਸ ਨਗਰ ਕੀਰਤਨ ਵਿਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੀ.ਸੀ. ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਅਪਣੇ ਮੰਤਰੀ ਸਾਥੀਆਂ ਸਮੇਤ ਨਗਰ ਕੀਰਤਨ 'ਚ ਹਾਜ਼ਰੀ ਲਗਾਈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਸੰਦੇਸ਼ ਭੇਜ ਕੇ ਸਿੱਖਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਭੇਜੀ। ਇਸ ਸਮੇਂ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਤੋਂ ਆਏ ਮਨੁੱਖੀ ਹਕਾਂ ਬਾਰੇ ਜਸਪਾਲ ਸਿੰਘ ਮੰਝਪੁਰ ਅਤੇ ਭਾਈ ਅਮਰੀਕ ਸਿੰਘ ਦੀ ਪਤਨੀ ਨੂੰ ਸਨਮਾਨਤ ਕੀਤਾ ਗਿਆ। ਭਾਈ ਗਿਆਨ ਸਿੰਘ ਗਿੱਲ ਨੇ ਸਿੱਖ ਕੌਮ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿਤੀ। ਨਗਰ ਕੀਰਤਨ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਚੁਣੇ ਗਏ ਸਾਰੇ ਮੈਂਬਰ ਪਾਰਲੀਮੈਂਟਜ਼ ਨੇ ਹਾਜ਼ਰੀ ਭਰੀ। ਸਿੱਖ ਅਕਾਦਮੀ ਦੇ ਬੱਚਿਆਂ ਨੇ ਲੰਮਾਂ ਸਮਾਂ ਕੀਰਤਨ ਕੀਤਾ ਅਤੇ ਗਤਕਾ ਟੀਮ ਨੇ ਕਰਤੱਬ ਵਿਖਾਏ।