ਅਤਿਵਾਦੀ ਟਿਕਾਣਿਆਂ 'ਤੇ ਕਾਰਵਾਈ ਵਿਚ ਛੇ ਬੱਚਿਆਂ ਸਮੇਤ 15 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ੍ਰੀਲੰਕਾ ਦੇ ਪੂਰਬੀ ਸੂਬੇ 'ਚ ਸੁਰੱਖਿਆ ਬਲਾਂ ਨਾਲ ਇਕ ਮੁਕਾਬਲੇ ਦੌਰਾਨ ਆਤਮਘਾਤੀ ਹਮਲਾਵਰਾਂ ਨੇ ਖ਼ੁਦ ਨੂੰ ਵਿਸਫ਼ੋਟਕਾਂ ਨਾਲ ਉਡਾ ਲਿਆ

15 children, including six children, killed in action in terrorist places

ਕੋਲੰਬੋ, : ਸ੍ਰੀਲੰਕਾ ਦੇ ਪੂਰਬੀ ਸੂਬੇ 'ਚ ਸੁਰੱਖਿਆ ਬਲਾਂ ਨਾਲ ਇਕ ਮੁਕਾਬਲੇ ਦੌਰਾਨ ਆਤਮਘਾਤੀ ਹਮਲਾਵਰਾਂ ਨੇ ਖ਼ੁਦ ਨੂੰ ਵਿਸਫ਼ੋਟਕਾਂ ਨਾਲ ਉਡਾ ਲਿਆ ਜਿਸ 'ਚ ਛੇ ਬੱਚਿਆਂ ਅਤੇ ਤਿੰਨ ਔਰਤਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਬਲ ਈਸਟਰ ਮੌਕੇ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਸਥਾਨਕ ਅਤਿਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਦੇ ਮੈਂਬਰਾਂ ਦੀ ਭਾਲ ਕਰ ਰਹੇ ਹਨ। ਇਨ੍ਹਾਂ ਧਮਾਕਿਆਂ 'ਚ 253 ਲੋਕ ਮਾਰੇ ਗਏ ਸਨ ਅਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।

ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ (ਐਸ.ਟੀ.ਐਫ਼.) ਅਤੇ ਫ਼ੌਜ ਦੇ ਜਵਾਨਾਂ ਨੇ ਇਕ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਕੋਲੰਬੋ ਤੋਂ ਲਗਭਗ 360 ਕਿਲੋਮੀਟਰ ਦੂਰ ਸਥਿਤ ਕਲਮੁਨਈ ਸ਼ਹਿਰ 'ਚ ਇਕ ਮਕਾਨ 'ਤੇ ਛਾਪਾ ਮਾਰਿਆ ਜਿਸ ਤੋਂ ਬਾਅਦ ਹਥਿਆਰਬੰਦ ਸਮੂਹ ਨਾਲ ਭਿਆਨਕ ਮੁਕਾਬਲਾ ਹੋਇਆ। ਹਥਿਆਰਬੰਦ ਲੋਕਾਂ ਨੇ ਜਵਾਨਾਂ 'ਤੇ ਗੋਲੀਆਂ ਚਲਾਈਆਂ। ਮੁਕਾਬਲੇ 'ਚ ਫਸੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਹਿੰਸਕ ਝੜਪਾਂ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀਆਂ ਨੇ ਧਮਾਕਿਆਂ ਨਾਲ ਖ਼ੁਦ ਨੂੰ ਉਡਾ ਲਿਆ। 

ਪੁਲਿਸ ਦੇ ਇਕ ਬੁਲਾਰੇ ਨੇ ਕਿਹਾ, ''ਕੁਲ 15 ਲਾਸ਼ਾਂ ਬਰਾਮਦ ਹੋਈਆਂ ਹਨ ਜਿਨ੍ਹਾਂ 'ਚ ਛੇ ਮਰਦ, ਤਿੰਨ ਔਰਤਾਂ ਅਤੇ ਛੇ ਬੱਚੇ ਹਨ। ਘੱਟ ਤੋਂ ਘੱਟ ਚਾਰ ਸ਼ੱਕੀ ਆਤਮਘਾਤੀ ਹਮਲਾਵਰ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹਸਪਤਾਲ 'ਚ ਹਨ।'' ਪੁਲਿਸ ਨੇ ਕਿਹਾ ਕਿ ਮ੍ਰਿਤਕਾਂ 'ਚ ਸ਼ੱਕੀ ਹਮਲਾਵਰ ਵੀ ਸ਼ਾਮਲ ਹੈ। ਪੁਲਿਸ ਦੇ ਇਕ ਬੁਲਾਰੇ ਰੁਵਨ ਗੁਨਸ਼ੇਖਰ ਨੇ ਕਿਹਾ ਕਿ ਜਦੋਂ ਪੁਲਿਸ ਸੈਂਦਾਮਰੁੜ 'ਚ ਸਾਂਝੀ ਤਲਾਸ਼ੀ ਮੁਹਿੰਮ ਚਲਾ ਰਹੀ ਸੀ ਤਾਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਵਾਲੀ ਥਾਂ 'ਤੇ ਇਕ ਆਤਮਘਾਤੀ ਧਮਾਕਾ ਹੋਇਆ ਅਤੇ ਟੀ56 ਅਸਾਲਟ ਰਾਈਫ਼ਲ ਨਾਲ ਇਕ ਅਤਿਵਾਦੀ ਦੀ ਲਾਸ਼ ਬਰਾਮਦ ਕੀਤੀ ਗਈ।

ਘਟਨਾ ਵਾਲੀ ਥਾਂ ਤੋਂ ਭਾਰੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਵੀ ਮਿਲੀ। ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ, ''ਅਧਿਕਾਰੀਆਂ ਨੇ ਡੇਟੋਨੇਟਰ, ਆਤਮਘਾਤੀ ਕਿੱਟਸ, ਫ਼ੌਜ ਦੀ ਵਰਦੀ ਅਤੇ ਆਹੀ.ਐਸ.ਆਈ.ਐਸ. ਦੇ ਝੰਡੇ ਬਰਾਮਦ ਕੀਤੇ ਹਨ।'' ਪੁਲਿਸ ਨੇ ਕਿਹਾ ਕਿ ਕਲਮੁਨਈ, ਚਾਵਲਕਡੇ ਅਤੇ ਸੰਮੂਥੁਰਈ ਦੇ ਮੁਸਲਮਾਨ ਬਹੁਗਿਣਤੀ ਇਲਾਕਿਆਂ 'ਚ ਲਾਗੂ ਕਰਫ਼ਿਊ ਅਗਲੇ ਨੋਟਿਸ 'ਚ ਜਾਰੀ ਰਹੇਗਾ। ਧਮਾਕਿਆਂ ਦੇ ਸਬੰਧ 'ਚ ਅਜੇ ਤਕ ਘੱਟ ਤੋਂ ਘੱਟ 76 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ 'ਚ 20 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  (ਪੀਟੀਆਈ)