ਸਮਾਜਿਕ ਕੁਰੀਤੀਆਂ ਵਿਰੁਧ ਵਿਢਿਆ ਵਿਸ਼ਵ ਯਾਤਰਾ ਦਾ ਉਪਰਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਪਾਹਜ ਹੋਣ ਦੇ ਬਾਵਯੂਦ ਚੁਣੌਤੀਆਂ ਨਾਲ ਜੂਝਦਿਆਂ ਨਰਾਇਣ ਪੁੱਜਾ ਕੈਨੇਡਾ

Narayan went on a world tour with his motorcycle.

ਸਰੀ (ਕੈਨੇਡਾ) :  ਹੌਂਸਲੇ ਬੁਲੰਦ ਹੋਣ ਤਾਂ ਔਕੜਾਂ ਦੇ ਬਾਵਜੂਦ ਵੀ ਹਿੰਮਤੀ ਬਿਰਤੀ ਵਾਲਾ ਇਨਸਾਨ ਅਪਣੇ ਧਿਰੜ ਇਰਾਦੀਆਂ ਸਦਕਾ ਅਪਣੇ ਟੀਚੇ ਸਰ ਕਰ ਸਕਦਾ ਹੈ। ਕੁੱਝ ਅਜਿਹੀ ਹੀ ਬਿਰਤੀ ਦਾ ਧਾਰਨੀ ਹੈ ਬੰਗਲੌਰ ਦਾ ਰਹਿਣ ਵਾਲਾ ਨਰਾਇਣ ਨਾਂ ਦਾ ਇਕ ਵਿਅਕਤੀ, ਜੋ ਅਪਾਹਜ ਹੋਣ ਦੇ ਬਾਵਜੂਦ ਵੀ ਅਪਣੀ ਮਿਹਨਤ ਅਤੇ ਦ੍ਰਿੜ ਸੋਚ ਸਦਕਾ ਬੰਗਲੌਰ ਤੋਂ ਮੋਟਰਸਾਈਕਲ ਉਤੇ ਕਈ ਚੁਣੌਤੀਆਂ ਨਾਲ ਜੂਝਦਿਆਂ ਕੈਨੇਡਾ ਪੁੱਜਾ ਹੈ। 

ਇਥੇ ਸਰੀ ਵਿਚ ਇਕ ਸੰਖੇਪ ਮੁਲਾਕਾਤ ਦੌਰਾਨ ਨਰਾਇਣ ਨੇ ਅਪਣੇ ਮੋਟਰਸਾਈਕਲ ਉਤੇ ਸਮਾਜਿਕ ਕੁਰੀਤੀਆਂ ਵਿਰੁਧ ਜਾਗਰੂਕਤਾ ਫੈਲਾਉਣ ਦੇ ਮਨਸ਼ੇ ਨਾਲ ਬੰਗਲੌਰ ਤੋਂ ਅਪਣੇ ਪੱਧਰ ਉਤੇ ਸ਼ੁਰੂ ਕੀਤੀ ਵਿਸ਼ਵ ਦੀ ਯਾਤਰਾ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਉਸ ਦੀ ਇਸ ਯਾਤਰਾ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁਧ ਜਾਗਰੂਕਤਾ ਸਬੰਧੀ ਪ੍ਰਚਾਰ ਕਰਨਾ ਹੈ।

ਉਸ ਨੇ ਦਸਿਆ ਕਿ ਇਕ ਸੜਕ ਹਾਦਸੇ ਵਿਚ ਉਹ ਅਪਾਹਜ ਹੋ ਗਿਆ ਸੀ ਜਿਸ ਮਗਰੋਂ ਉਸ ਨੇ ਨਿਰਾਸ਼ਾ ਵਾਲੀ ਜ਼ਿੰਦਗੀ ਹੰਢਾਉਣ ਦੀ ਬਜਾਏ ਕੁੱਝ ਨਿਵੇਕਲਾ ਅਤੇ ਲੋਕ ਭਲਾਈ ਵਾਲਾ ਕਾਰਜ ਵਿੱਢਣ ਬਾਰੇ ਸੋਚਿਆ ਜਿਸ ਤਹਿਤ ਉਸ ਵਲੋਂ ਸਮਾਜਿਕ ਕੁਰੀਤੀਆਂ ਵਿਰੁਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਸ ਵਲੋਂ ਅਪਣੇ ਤਿੰਨ ਪਹੀਆਂ ਵਾਲੇ ਮੋਟਰਸਾਈਕਲ ਰਾਹੀ ਵਿਸ਼ਵ ਯਾਤਰਾ ਅਰੰਭਣ ਦਾ ਚੁਣੌਤੀਆਂ ਭਰਿਆ ਫ਼ੈਸਲਾ ਕੀਤਾ ਅਤੇ 2015 ਤੋਂ ਅਪਣੇ ਸ਼ਹਿਰ ਬੰਗਲੌਰ ਤੋਂ ਸ਼ੁਰੂ ਕੀਤੀ ਇਸ ਯਾਤਰਾ ਦੌਰਾਨ ਪਹਿਲਾਂ ਅਰਬ ਦੇਸ਼ਾਂ ਅਤੇ ਫਿਰ ਯੂਰਪ ਰਾਹੀ ਸੜਕੀ ਰਸਤੇ ਇੰਗਲੈਂਡ ਹੁੰਦੇ ਹੋਏ ਕੈਨੇਡਾ ਪੁੱਜਾ।

ਉਸ ਨੇ ਦਸਿਆ ਕਿ ਨਸ਼ਾ ਕਰ ਕੇ ਡਰਾਇੰਵਿੰਗ ਕਰਨ ਵਾਲੇ ਕੁੱਝ ਡਰਾਇਵਰਾਂ ਦੀ ਇਸ ਬੁਰੀ ਆਦਤ ਵਿਰੁਧ ਜਾਗਰੂਕ ਕਰਨ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਸਮੇਂ ਸਿਰ ਪੋਲੀਉ ਬੂੰਦਾਂ ਪਿਲਾਉਣ ਬਾਰੇ ਵੀ ਜਾਗਰੂਕ ਕਰਵਾਉਣਾ ਵੀ ਉਸ ਦੀ ਇਸ ਵਿਸ਼ਵ ਯਾਤਰਾ ਦੇ ਮੰਤਵਾਂ ਦੀ ਸੂਚੀ ਵਿਚ ਸ਼ਾਮਲ ਹੈ।