ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ 'ਵਿਸਾਖੀ ਗਾਲਾ ਡਿਨਰ' 'ਤੇ ਖਿਲਰੀਆਂ ਰੌਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੀ ਸਨਿਚਰਵਾਰ ਦੀ ਰਾਤ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਵਲੋਂ ਵਿਸਾਖੀ ਉਤਸਵ ਡਿਨਰ ਫੰਡ (ਵਿਸਾਖੀ ਗਾਲਾ ਡਿਨਰ) ਦਾ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ

Popular painters Honoring Jarnail Singh.

ਔਕਲੈਂਡ : ਬੀਤੀ ਸਨਿਚਰਵਾਰ ਦੀ ਰਾਤ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਵਲੋਂ ਵਿਸਾਖੀ ਉਤਸਵ ਡਿਨਰ ਫੰਡ (ਵਿਸਾਖੀ ਗਾਲਾ ਡਿਨਰ) ਦਾ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ। ਰੇਡੀਓ ਸਪਾਈਸ ਨੇ ਇਸ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਇਆ। ਰੇਡੀਓ ਪੇਸ਼ਕਾਰ ਹਰਜੀਤ ਕੌਰ ਅਤੇ ਹਰਮੀਕ ਸਿੰਘ ਨੇ ਸਟੇਜ ਸੰਚਾਲਨ ਸੰਭਾਲਿਆਂ ਸਭ ਤੋਂ ਜ਼ਲਿਆਂਵਾਲਾ ਬਾਗ, ਕ੍ਰਾਈਸਟਚਰਚ ਅਤੇ ਸ੍ਰੀਲੰਕਾ ਵਿਖੇ ਮਾਰੇ ਗਏ ਸੈਂਕੜੇ ਨਿਹੱਥੇ ਲੋਕਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਰੱਖਣ ਦੀ ਅਪੀਲ ਕੀਤੀ ਗਈ। 

ਨਵਤੇਜ ਰੰਧਾਵਾ ਨੇ ਚਿੱਤਰਕਾਰ ਸ. ਜਰਨੈਲ ਸਿੰਘ ਦੇ ਇਥੇ ਆਉਣ ਦੇ ਸਬੱਬ ਬਾਰੇ ਦਸਿਆ। ਮਲਟੀਮੀਡੀਆ ਗਰੁੱਪ ਤੋਂ ਸ. ਜਗਦੀਪ ਸਿੰਘ ਨੇ ਇਸ ਡਿਨਰ ਦਾ ਉਦੇਸ਼ ਦਸਿਆ। ਸਥਾਨਕ ਗਾਇਕ ਸੱਤਾ ਵੈਰੋਵਾਲੀਆ ਨੇ ਗੀਤਾਂ ਦੀ ਛਹਿਬਰ ਲਾਈ ਜਦ ਕਿ ਢੋਲ ਉਤੇ ਸਾਥ ਸ. ਅਮਰੀਕ ਸਿੰਘ ਨੇ ਦਿਤਾ। ਵਿਰਸਾ ਅਕੈਡਮੀ ਦੀਆਂ ਕੁੜੀਆਂ ਨੇ ਭੰਗੜਾ ਪਾਇਆ। ਰੇਡੀਓ ਪੇਸ਼ਕਾਰ ਹਰਮੀਕ ਕੋਲੋਂ ਵੀ ਰਿਹਾ ਨਾ ਗਿਆ ਅਤੇ ਇਕ ਗੀਤ ਸੁਣਾ ਕੇ ਤਾੜੀਆਂ ਬਟੋਰੀਆਂ। 

ਮਲਟੀਮੀਡੀਆ ਗਰੁੱਪ ਵਲੋਂ ਅਪਣੇ ਸਾਰੇ ਸਪਾਂਸਰਜ਼ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਚਿੱਤਰਕਾਰ ਸ. ਜਰਨੈਲ ਸਿੰਘ ਹੋਰਾਂ ਦੇ ਕੋਲੋਂ ਯਾਦਗਾਰੀ ਚਿੰਨ੍ਹਾਂ ਦਿਵਾਏ। ਸ. ਸੰਨੀ ਸਿੰਘ ਨੇ ਇਸ ਮੌਕੇ ਜਿਥੇ ਡਾ. ਸਤਿੰਦਰ ਸਰਤਾਜ ਦੇ ਸ਼ੋਅ ਬਾਰੇ ਦਸਿਆ ਉਥੇ ਲੱਕੀ ਡ੍ਰਾਆ ਰਾਹੀਂ ਟਿਕਟਾਂ ਵੀ ਕੱਢੀਆਂ। ਗੋਲਡਸਮਿੱਥ ਸ. ਗੁਰਦੀਪ ਸਿੰਘ ਨੇ ਵੀ ਗਿਫਟ ਹੈਂਪਰ ਲਿਆਂਦੇ ਸਨ ਜਿਨ੍ਹਾਂ ਨੂੰ ਰਾਫਲ ਟਿਕਟਾਂ ਰਾਹੀਂ ਕੱਢਿਆ ਗਿਆ। ਸਾਡੇ ਸਥਾਨਕ ਆਰਟਿਸਟ ਸ. ਹਰਜੋਤ ਸਿੰਘ ਨੇ ਪੈਂਸਿਲ ਕਲਾਕਾਰੀ ਰਾਹੀਂ ਸ. ਜਰਨੈਲ ਸਿੰਘ ਦਾ ਚਿੱਤਰ ਬਣਾਇਆ ਗਿਆ ਸੀ ਜੋ ਕਿ ਉਨ੍ਹਾਂ ਦੇ ਸਨਮਾਨ ਵਿਚ ਭੇਟ ਕੀਤਾ ਗਿਆ।

ਪਾਕਿਸਤਾਨੀ ਪੰਜਾਬ ਤੋਂ ਵੀ ਕੁਝ ਲੋਕ ਇਥੇ ਪਹੁੰਚੇ ਹੋਏ ਸਨ। ਕ੍ਰਾਈਸਟਚਰਚ ਹਮਲੇ ਬਾਅਦ ਸਿੱਖਾਂ ਵਲੋਂ ਕੀਤੀ ਗਈ ਸਹਾਇਤਾ ਦੀ ਵੀ ਪਾਕਿਸਤਾਨ ਭਾਈਚਾਰੇ ਦੇ ਇਕ ਆਗੂ ਨੇ ਬਹੁਤ ਤਰੀਫ ਕੀਤੀ।  ਇਸ ਮੌਕੇ ਕੁਝ ਤਸਵੀਰਾਂ ਅਤੇ ਹੋਰ ਸਮਾਨ ਦੀ ਨਿਲਾਮੀ ਕੀਤੀ ਗਈ ਅਤੇ ਫੰਡ ਰਾਸ਼ੀ ਇਕੱਤਰ ਕੀਤੀ ਗਈ। 3 ਘੰਟੇ ਤੱਕ ਚੱਲਿਆ ਇਹ ਪ੍ਰੋਗਰਾਮ ਰੌਣਕਾਂ ਖਿਲਾਰ ਚੰਗਾ ਫੰਡ ਇਕੱਠਾ ਕਰਕੇ ਪ੍ਰਬੰਧਕਾਂ ਦੇ ਸਿਰ ਵੱਡੀ ਜ਼ਿੰਮੇਵਾਰੀ ਵਾਲੀ ਪੰਡ ਰੱਖ ਗਿਆ।