‘ਲੰਗਰ ਵਿਚ ਬਟਰ ਚਿਕਨ’ ਲਈ ਧਨਵਾਦ ਕਰਨ ਵਾਲੇ ਅਨਜਾਣ ਸਿਆਸਤਦਾਨ ਦਾ ਭਾਰੀ ਵਿਰੋਧ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਸਾਖੀ ਨਗਰ ਕੀਰਤਨ ’ਤੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਦੀ ‘ਬਟਰ ਚਿਕਨ’ ਟਿਪਣੀ ਨਾਲ ਸਿੱਖਾਂ ’ਚ ਰੋਸ

Ben Stewart

ਵਿਕਟੋਰੀਆ: ਵਿਦੇਸ਼ਾਂ ’ਚ ਵਸਦੇ ਸਿੱਖਾਂ ਦੀਆਂ ਵੋਟਾਂ ਅਤੇ ਸਰੋਤਾਂ ਨੂੰ ਜਿੱਤਣ ਦੀ ਕੋਸ਼ਿਸ਼ ’ਚ ਪਛਮੀ ਦੇਸ਼ਾਂ ਦੇ ਸਿਆਸਤਦਾਨ ਪੱਬਾਂ ਭਾਰ ਹੋਏ ਰਹਿੰਦੇ ਹਨ। ਹਾਲਾਂਕਿ ਸਿੱਖਾਂ ਲਈ ਮਹੱਤਵਪੂਰਨ ਧਾਰਮਕ ਸਮਾਗਮਾਂ ਦੇ ਅਰਥਾਂ ’ਤੇ ਜ਼ੋਰ ਦੇਣ ਦੀ ਬਜਾਏ ਬਹੁਤੇ ਅਜੇ ਵੀ ਨਗਰ ਕੀਰਤਨਾਂ ਅਤੇ ਲੰਗਰ ਨੂੰ ‘ਪਰੇਡ’ ਜਾਂ ‘ਪਾਰਟੀਆਂ’ ਹੀ ਸਮਝਦੇ ਹਨ, ਜਿਸ ਦੀ ਤਾਜ਼ਾ ਮਿਸਾਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਵੇਖਣ ਨੂੰ ਮਿਲੀ ਹੈ। 

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ’ਚ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੇ ਵਿਧਾਇਕ ਬੇਨ ਸਟੀਵਰਟ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੀ ਟਿਪਣੀ ਨਾਲ ਵਿਵਾਦ ਖੜਾ ਕਰ ਦਿਤਾ ਹੈ, ਜਿਸ ਵਿਚ ਉਨ੍ਹਾਂ ਨੇ ਸੱਦਾ ਦਿਤੇ ਜਾਣ ਲਈ ਰਟਲੈਂਡ ਦੇ ਗੁਰਦੁਆਰੇ ਅਤੇ ‘ਦਖਣੀ ਏਸ਼ੀਆਈ ਭਾਈਚਾਰੇ’ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ‘ਬਟਰ ਚਿਕਨ’ ਪਰੋਸਣ ਦੀ ਵੀ ਸ਼ਲਾਘਾ ਕੀਤੀ।

ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦੀ ਇਸ ਟਿਪਣੀ ਲਈ ਨਿੰਦਾ ਕੀਤੀ ਹੈ ਅਤੇ ਉਨ੍ਹਾਂ ’ਤੇ ਬੀ.ਸੀ. ਲਿਬਰਲ ਪਾਰਟੀ ਦੇ ਮੈਂਬਰ ਵਜੋਂ 2018 ਤੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿਚ ਕੇਲੋਨਾ ਵੈਸਟ ਹਲਕੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਿੱਖ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦਾ ਦੋਸ਼ ਲਗਾਇਆ ਹੈ। 

ਅਪਣੇ ਵਿਵਾਦਮਈ ਪੋਰਟ ’ਚ ਬੇਨ ਨੇ ਐਕਸ ’ਤੇ ਪੋਸਟ ਕੀਤਾ ਸੀ, ‘‘ਰਟਲੈਂਡ ਗੁਰਦੁਆਰੇ ’ਚ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਦਖਣੀ ਏਸ਼ੀਆਈ ਭਾਈਚਾਰੇ ਦਾ ਬਹੁਤ-ਬਹੁਤ ਧਨਵਾਦ। ਮੀਂਹ ’ਚ ਵੀ ਗਰਮ ਬਟਰ ਚਿਕਨ ਬਹੁਤ ਸ਼ਾਨਦਾਰ ਸੀ।’’ ਹਾਲਾਂਕਿ ਪੋਸਟ ਦੇ ਟਿਪਣੀਆਂ ਵਾਲੇ ਹਿੱਸੇ ’ਚ ਭਾਰੀ ਵਿਰੋਧ ਹੋਣ ਬਾਅਦ ਉਨ੍ਹਾਂ ਨੇ ਇਸ ਨੂੰ ਹਟਾ ਦਿਤਾ ਹੈ। 

ਇਕ ਕੈਨੇਡੀਅਨ ਸਿੱਖ ਜਸਪਾਲ ਸਿੰਘ ਨੇ ਦਸਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਸਨਿਚਰਵਾਰ ਨੂੰ ਕੇਲੋਨਾ ਦੇ ਗੁਰਦੁਆਰੇ ਵਲੋਂ ਸਿੱਖ ਰਵਾਇਤਾਂ ਅਨੁਸਾਰ ਨਗਰ ਕੀਰਤਨ ਕਢਿਆ ਗਿਆ ਸੀ। ਇਸ ’ਚ ਸਿਆਸਤਦਾਨਾਂ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਜਸਪਾਲ ਸਿੰਘ ਨੇ ਵਿਧਾਇਕ ਦੀ ਟਿਪਣੀ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, ‘‘ਅਸੀਂ ਸਾਰੇ ਬੇਨ ਸਟੀਵਰਟ ਦੀਆਂ ਇਤਰਾਜ਼ਯੋਗ ਟਿਪਣੀਆਂ ਤੋਂ ਹੈਰਾਨ ਹਾਂ ਕਿਉਂਕਿ ਉਨ੍ਹਾਂ ਨੇ ਸਿੱਖ ਧਾਰਮਕ ਭਾਵਨਾਵਾਂ ਨੂੰ ਢਾਹ ਲਾਈ ਹੈ ਅਤੇ ਸਿੱਖ ਧਰਮ ਬਾਰੇ ਅਪਣੀ ਅਗਿਆਨਤਾ ਸਾਬਤ ਕੀਤੀ ਹੈ, ਜੋ ਸ਼ਰਮਨਾਕ ਹੈ।’’

ਬੇਨ ਦੀ ਬੇਤੁਕੀ ਟਿਪਣੀ ਦਾ ਨੋਟਿਸ ਲੈਂਦਿਆਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਮੀਤ ਪ੍ਰਧਾਨ ਹਰਮਨ ਭੰਗੂ ਨੇ ਕਿਹਾ ਕਿ ਬੇਨ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਨਗਰ ਕੀਰਤਨ ਵਿਚ ਸਿਰਫ ਸ਼ਾਕਾਹਾਰੀ ਲੰਗਰ ਹੀ ਵਰਤਾਇਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਕਿਸੇ ਸਿੱਖ ਸਮਾਗਮ ਵਿਚ ਜਾਣ ਬਾਰੇ ਝੂਠ ਬੋਲਣ ਜਾਂ ਇਸ ਤੋਂ ਵੀ ਬਦਤਰ, ਮਾਸ ਖਾਣ ਲਈ ਸ਼ਰਮ ਆਉਣੀ ਚਾਹੀਦੀ ਹੈ। ਇਹ ਬਹੁਤ ਅਪਮਾਨਜਨਕ ਗੱਲ ਹੈ।’’ ਭੰਗੂ ਨੇ ਬੇਨ ਨੂੰ ਸਲਾਹ ਦਿਤੀ ਕਿ ਉਹ ਸਿੱਖਾਂ ਤੋਂ ਵੋਟਾਂ ਮੰਗਣ ਲਈ ਉਨ੍ਹਾਂ ਦੇ ਸਮਾਗਮਾਂ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਬਾਰੇ ਕੁੱਝ ਜਾਣਕਾਰੀ ਜੁਟਾ ਲੈਣ। ਭੰਗੂ ਨੇ ਕਿਹਾ, ‘‘ਸਭਿਆਚਾਰਕ ਭਾਈਚਾਰੇ ਵੋਟ ਬੈਂਕ ਨਹੀਂ ਹੁੰਦੇ।’’

ਬੇਨ ’ਤੇ ਭਾਈਚਾਰੇ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਸਿਰਫ ਮਜ਼ਾਕੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹਰ ਵਾਰੀ ਚੋਣਾਂ ਸਮੇਂ ਉਹ ਫੋਟੋ ਖਿੱਚਵਾਉਣ ਲਈ ਅਜਿਹੇ ਸਮਾਗਮਾਂ ’ਚ ਜਾਂਦੇ ਰਹਿੰਦੇ ਹਨ ਅਤੇ ਸਿੱਖਾਂ ਬਾਰੇ ਕੁੱਝ ਸੰਵੇਦਨਸ਼ੀਲ ਨਹੀਂ ਸਿੱਖਦੇ।’’