ਅਮਰੀਕਾ 'ਚ ਲੁੱਟ ਦੀ ਕੋਸ਼ਿਸ਼ ਦੌਰਾਨ ਸਿੱਖ ਡਰਾਈਵਰ ਦੇ ਗੋਲੀ ਲੱਗਣ ਕਾਰਨ ਹਸਪਤਾਲ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

32 ਸਾਲ ਦੇ ਜਸਪ੍ਰੀਤ ਨੂੰ ਓਹੀਓ ਪ੍ਰਾਂਤ ਵਿੱਚ ਹੋਈ ਲੁੱਟ- ਘਸੁਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ

Jaspreet Singh

ਨਿਊਯਾਰਕ: ਅਮਰੀਕਾ ਵਿੱਚ ਕਰੀਬ ਇਕ ਹਫਤੇ ਤਕ ਹਸਪਤਾਲ ਵਿਚ ਜਿੰਦਗੀ ਨਾਲ ਸੰਘਰਸ਼ ਕਰਨ ਵਾਲੇ ਭਾਰਤੀ ਸਿੱਖ ਟਰੱਕ ਡਰਾਇਵਰ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ। 32 ਸਾਲ ਦੇ ਜਸਪ੍ਰੀਤ ਨੂੰ ਓਹੀਓ ਪ੍ਰਾਂਤ ਵਿੱਚ ਹੋਈ ਲੁੱਟ- ਘਸੁਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 20 ਸਾਲ ਦੇ ਜਵਾਨ ਬਰੋਡਰਿਕ ਮਲਿਕ ਜੋਂਸ ਰਾਬ‌ਰਟਸ ਉਤੇ ਲੁੱਟ- ਘਸੁਟ, ਆਪਰਾਧਿਕ ਹਮਲੇ ਅਤੇ ਗ਼ੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਸੀ। ਜਸਪ੍ਰੀਤ ਦਾ ਕੇਸ ਲੜਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਉਹ ਰਾਬ‌ਰਟਸ ਉਤੇ ਕਤਲ ਦਾ ਕੇਸ ਦਰਜ ਕਰਵਾਉਣਗੇ।

ਜਸਪ੍ਰੀਤ ਕਰੀਬ ਅੱਠ ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਗਿਆ ਸੀ। ਉਨ੍ਹਾਂ ਦੇ ਚਾਰ ਬੱਚੇ ਹਨ। ਪੁਲਿਸ ਅਨੁਸਾਰ 12 ਮਈ ਦੀ ਰਾਤ ਜਸਪ੍ਰੀਤ ਜਦੋਂ ਆਪਣੇ ਵਾਹਨ ਵਿਚ ਬੈਠਾ ਸੀ ਤਾਂ  ਰਾਬ‌ਰਟਸ ਨੇ ਲੁੱਟ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਅਤੇ ਗੱਲ ਵਧਣ ਉਤੇ ਜਸਪ੍ਰੀਤ ਨੂੰ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਬ‌ਰਟਸ ਆਪਰਾਧਿਕ ਗਤੀਵਿਧੀਆਂ ਵਿਚ 2016 ਵਿਚ ਵੀ ਜੇਲ੍ਹ ਜਾ ਚੁੱਕਿਆ ਹੈ। ਜਸਪ੍ਰੀਤ ਦੇ ਮਾਮਲੇ ਉਤੇ ਨਜ਼ਰ ਰੱਖ ਰਹੀ ਸੰਸਥਾ ਸਿੱਖ ਕੋਏਲਿਸ਼ਨ ਨੇ ਕਿਹਾ ਹੈ ਕਿ ਇਸ ਮੁਸ਼ਕਲ ਘੜੀ ਵਿਚ ਸਾਡੀ ਸੰਵੇਦਨਾਵਾਂ ਪੀੜਤ ਪਰਵਾਰ ਨਾਲ ਹਨ।