ਭਾਰਤ ਦੀ ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਹਿਮਾਚਲ ਪ੍ਰਦੇਸ਼ ’ਚ 1993 ’ਚ ਜਨਮੀ ਮੇਜਰ ਸੇਨ ਅੱਠ ਸਾਲ ਪਹਿਲਾਂ ਭਾਰਤੀ ਫੌਜ ’ਚ ਭਰਤੀ ਹੋਏ ਸਨ

Major Radhika Sen and Antonio Guterres

ਸੰਯੁਕਤ ਰਾਸ਼ਟਰ, 28 ਮਈ: ਕਾਂਗੋ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਸੇਵਾ ਨਿਭਾਉਣ ਵਾਲੀ ਭਾਰਤੀ ਮਹਿਲਾ ਸ਼ਾਂਤੀ ਰੱਖਿਅਕ ਮੇਜਰ ਰਾਧਿਕਾ ਸੇਨ ਨੂੰ ਇਕ ਵੱਕਾਰੀ ਫੌਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਉਨ੍ਹਾਂ ਨੂੰ ‘ਸੱਚਾ ਨੇਤਾ ਅਤੇ ਰੋਲ ਮਾਡਲ’ ਦਸਿਆ। 

ਕਾਂਗੋ ਗਣਰਾਜ ’ਚ ਸੰਯੁਕਤ ਰਾਸ਼ਟਰ ਸੰਗਠਨ ਸਥਿਰਤਾ ਮਿਸ਼ਨ ’ਚ ਸੇਵਾ ਨਿਭਾਉਣ ਵਾਲੀ ਮੇਜਰ ਸੇਨ ਨੂੰ ਕੌਮਾਂਤਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ਦੇ ਮੌਕੇ ’ਤੇ 30 ਮਈ ਨੂੰ ਗੁਤਾਰੇਸ ਦੇ ਹੈੱਡਕੁਆਰਟਰ ’ਚ ਗੁਤਾਰੇਸ ਵਲੋਂ ਵੱਕਾਰੀ ‘2023 ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। 

ਸੰਯੁਕਤ ਰਾਸ਼ਟਰ ਦੀ ਇਕ ਪ੍ਰੈਸ ਰਿਲੀਜ਼ ਮੁਤਾਬਕ ਮੇਜਰ ਸੇਨ ਮਾਰਚ 2023 ਤੋਂ ਅਪ੍ਰੈਲ 2024 ਤਕ ਕਾਂਗੋ ਗਣਰਾਜ ਦੇ ਪੂਰਬ ਵਿਚ ਇੰਡੀਅਨ ਰੈਪਿਡ ਡਿਪਲਾਇਮੈਂਟ ਬਟਾਲੀਅਨ ਦੇ ਕਮਾਂਡਰ ਵਜੋਂ ਤਾਇਨਾਤ ਸਨ। 

ਹਿਮਾਚਲ ਪ੍ਰਦੇਸ਼ ’ਚ 1993 ’ਚ ਜਨਮੀ ਮੇਜਰ ਸੇਨ ਅੱਠ ਸਾਲ ਪਹਿਲਾਂ ਭਾਰਤੀ ਫੌਜ ’ਚ ਭਰਤੀ ਹੋਏ ਸਨ। ਉਨ੍ਹਾਂ ਨੇ ਬਾਇਓਟੈਕ ਇੰਜੀਨੀਅਰ ਵਜੋਂ ਗ੍ਰੈਜੂਏਸ਼ਨ ਕੀਤੀ। ਉਹ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਬੰਬਈ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਜਦੋਂ ਉਸ ਨੇ ਫੌਜ ’ਚ ਭਰਤੀ ਹੋਣ ਦਾ ਫੈਸਲਾ ਕੀਤਾ। 

ਉਹ ਮੇਜਰ ਸੁਮਨ ਗਵਾਨੀ ਤੋਂ ਬਾਅਦ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੂਜੀ ਭਾਰਤੀ ਸ਼ਾਂਤੀ ਰੱਖਿਅਕ ਹੈ। ਮੇਜਰ ਗਵਾਨੀ ਨੇ ਦਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੇਵਾ ਨਿਭਾਈ ਸੀ ਅਤੇ 2019 ਵਿਚ ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 

ਮੇਜਰ ਸੇਨ ਨੂੰ ਉਨ੍ਹਾਂ ਦੀ ਸੇਵਾ ਲਈ ਵਧਾਈ ਦਿੰਦੇ ਹੋਏ ਗੁਤਾਰੇਸ ਨੇ ਕਿਹਾ ਕਿ ਉਹ ਇਕ ਸੱਚੀ ਨੇਤਾ ਅਤੇ ਰੋਲ ਮਾਡਲ ਹਨ। ਉਨ੍ਹਾਂ ਦੀ ਸੇਵਾ ਸਮੁੱਚੇ ਤੌਰ ’ਤੇ ਸੰਯੁਕਤ ਰਾਸ਼ਟਰ ਲਈ ਯੋਗਦਾਨ ਹੈ।

ਪੁਰਸਕਾਰ ਦੇ ਐਲਾਨ ਮਗਰੋਂ ਮੇਜਰ ਸੇਨ ਨੇ ਕਿਹਾ, ‘‘ਇਹ ਪੁਰਸਕਾਰ ਮੇਰੇ ਲਈ ਵਿਸ਼ੇਸ਼ ਹੈ ਕਿਉਂਕਿ ਇਹ ਕਾਂਗੋ ਗਣਰਾਜ ਦੇ ਚੁਨੌਤੀਪੂਰਨ ਵਾਤਾਵਰਣ ’ਚ ਕੰਮ ਕਰ ਰਹੇ ਸਾਰੇ ਸ਼ਾਂਤੀ ਰੱਖਿਅਕਾਂ ਦੀ ਸਖਤ ਮਿਹਨਤ ਨੂੰ ਮਾਨਤਾ ਦਿੰਦਾ ਹੈ ਅਤੇ ਸਮਾਜ ’ਚ ਸਕਾਰਾਤਮਕ ਤਬਦੀਲੀ ਲਿਆਉਣ ’ਚ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ।’’ ਵਰਤਮਾਨ ’ਚ, ਭਾਰਤ ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੀਆਂ ਮਹਿਲਾ ਫੌਜੀ ਸ਼ਾਂਤੀ ਰੱਖਿਅਕਾਂ ’ਚ 11 ਵਾਂ ਸੱਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ।