ਵੱਡੀ ਖ਼ਬਰ, ਦੁਨੀਆਂ ਭਰ 'ਚ 1 ਕਰੋੜ ਤੋਂ ਪਾਰ ਹੋਈ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ

Covid19

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਸੇ ਤਹਿਤ ਹੁਣ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਉੱਥੇ ਹੀ ਇਸ ਮਹਾਂਮਾਰੀ ਦੀ ਲਪੇਟ ਵਿਚ ਆਉਂਣ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।

ਉਧਰ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਵਿੱਚ ਕਰੋਨਾ ਦੀ ਲਾਗ ਦੀ ਗਿਣਤੀ ਵੱਧ ਕੇ 10,081,545 ਹੋ ਗਈ ਹੈ। ਇਸ ਦੇ ਨਾਲ ਹੀ ਇਸ ਖਤਰਨਾਕ ਵਾਇਰਸ ਕਾਰਨ 501,298 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਚੰਗੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ 5,458,369 ਲੋਕ ਹੁਣ ਤੱਕ ਪੂਰੀ ਦੁਨੀਆ ਵਿਚ ਠੀਕ ਹੋ ਚੁੱਕੇ ਹਨ। ਦੱਸ ਦੱਈਏ ਕਿ ਇਸ ਸਮੇਂ ਪੂਰੇ ਵਿਸ਼ਵ ਵਿਚੋਂ ਕਰੋਨਾ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਹੈ ।

ਹੁਣ ਤੱਕ ਇੱਥੇ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 25 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਦੱਸ ਦੇਈਏ ਕਿ ਯੂਐਸ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 40,000 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ, ਦੇਸ਼ ਦੇ ਦੋ ਰਾਜਾਂ ਨੇ ਇੱਕ ਵਾਰ ਫਿਰ ਲਾਗ ਨੂੰ ਕੰਟਰੋਲ ਕਰਨ ਲਈ ਪਾਬੰਦੀਆਂ ਲਾਗੂ ਕੀਤੀਆਂ ਹਨ.

ਟੈਕਸਾਸ ਦੇ ਰਾਜਪਾਲ ਗ੍ਰੇਗ ਐਬੋਟ ਨੇ ਸ਼ੁੱਕਰਵਾਰ ਨੂੰ ਸਾਰੀਆਂ ਬਾਰਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਅਤੇ ਫਲੋਰਿਡਾ ਨੇ ਬਾਰ ‘ਤੇ ਸ਼ਰਾਬ ਵੇਚਣ‘ ਤੇ ਪਾਬੰਦੀ ਲਗਾ ਦਿੱਤੀ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚੋਂ ਵੱਡੇ ਵੱਡੇ ਵਿਗਿਆਨੀ ਅਤੇ ਡਾਕਟਰ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰ ਵਿਚ ਲੱਗੇ ਹੋਏ ਹਨ, ਪਰ ਹਾਲੇ ਤੱਕ ਕਿਸੇ ਵੀ ਦੇਸ਼ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।