ਬਰਤਾਨੀਆ ਵਿਚ ਦਿਮਾਗੀ ਰੋਗਾਂ ਦੇ ਭਾਰਤੀ ਡਾਕਟਰ ਨੂੰ 6 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾ. ਕਬੀਰ ਗਰਗ 'ਤੇ ਬਾਲ ਜਿਨਸੀ ਸ਼ੋਸ਼ਣ ਦੀ ਵੈੱਬਸਾਈਟ ਚਲਾਉਣ ਦਾ ਦੋਸ਼

Indian psychiatrist dr. Kabir Garg

7000 ਤੋਂ ਵੱਧ ਅਸ਼ਲੀਲ ਤਸਵੀਰਾਂ ਅਤੇ ਵੀਡੀਉਜ਼ ਹੋਏ ਬਰਾਮਦ 
ਕਬੀਰ ਵਲੋਂ ਚਲਾਈ ਜਾ ਰਹੀ ਵੈੱਬਸਾਈਟ ਦੇ ਦੁਨੀਆਂ ਭਰ 'ਚ 90 ਹਜ਼ਾਰ ਤੋਂ ਵੱਧ ਮੈਂਬਰ 

ਲੰਡਨ:  ਦੱਖਣ ਪੂਰਬੀ ਲੰਡਨ ਦੇ ਲੇਵਿਸ਼ਮ ਦੇ 33 ਸਾਲਾ ਡਾਕਟਰ ਕਬੀਰ ਗਰਗ ਨੂੰ 23 ਜੂਨ ਨੂੰ ਵੂਲਵਿਚ ਕਰਾਊਨ ਕੋਰਟ ਨੇ ਬੱਚਿਆਂ ਦੇ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਵਿਚ ਭੂਮਿਕਾ ਲਈ ਛੇ ਸਾਲ ਦੀ ਸਜ਼ਾ ਸੁਣਾਈ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਸੁਣਵਾਈ ਵਿਚ ਪਾਇਆ ਗਿਆ ਕਿ ਉਸ ਨੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਤਸਵੀਰਾਂ ਸਾਂਝੀਆਂ ਕਰਨ ਵਾਲੀ ਇਕ ਡਾਰਕ ਵੈੱਬਸਾਈਟ ਲਈ ਸੰਚਾਲਕ ਵਜੋਂ ਕੰਮ ਕੀਤਾ ਸੀ।

ਨੈਸ਼ਨਲ ਕ੍ਰਾਈਮ ਏਜੰਸੀ ਦੇ ਐਡਮ ਪ੍ਰਿਸਟਲੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਕਬੀਰ ਗਰਗ ਦੀ ਬਾਲ ਜਿਨਸੀ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਸੀ। ਉਸ ਨੇ ਡਾਰਕ ਵੈੱਬ ਦੀ ਵਰਤੋਂ ਬਾਲ-ਪ੍ਰੇਮੀਆਂ ਦੇ ਇਕ ਸਮੂਹ ਤਕ ਪਹੁੰਚ ਕਰਨ ਲਈ ਕੀਤੀ ਜੋ ਬੱਚਿਆਂ ਵਿਰੁਧ ਭਿਆਨਕ ਅਪਰਾਧਾਂ ਬਾਰੇ ਚਰਚਾ ਕਰ ਰਹੀ ਸੀ। ਕਬੀਰ ਗਰਗ ਨੇ ਯੂਕੇ ਜਾਣ ਤੋਂ ਪਹਿਲਾਂ, ਕਿੰਗ ਜਾਰਜ ਮੈਡੀਕਲ ਕਾਲਜ, ਲਖਨਊ ਤੋਂ ਆਪਣੀ ਐਮ.ਬੀ.ਬੀ.ਐਸ. ਪੂਰੀ ਕਰਨ ਤੋਂ ਬਾਅਦ, ਬੈਂਗਲੁਰੂ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਵਿਚ ਕੰਮ ਕੀਤਾ। ਉਸ ਨੂੰ ਪਿਛਲੇ ਸਾਲ ਨਵੰਬਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ ਵਿਚ, ਉਸ ਨੇ ਬਾਲ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਤਸਵੀਰਾਂ ਬਣਾਉਣ ਅਤੇ ਵੰਡਣ ਸਮੇਤ ਅੱਠ ਦੋਸ਼ਾਂ ਲਈ ਦੋਸ਼ੀ ਮੰਨਿਆ।

ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਬੀਰ ਗਰਗ 'ਦਿ ਅਨੈਕਸ' ਸਾਈਟ ਦੇ ਸੰਚਾਲਕਾਂ ਵਿਚੋਂ ਇਕ ਸੀ, ਜਿਸ ਦੇ ਵਿਸ਼ਵ ਭਰ ਵਿਚ ਲਗਭਗ 90,000 ਮੈਂਬਰ ਹਨ। ਉਹ ਇਸ ਵੈੱਬਸਾਈਟ ਦੇ ਪ੍ਰਬੰਧਕ ਸਨ। ਇਸ ਵੈੱਬਸਾਈਟ ਤੋਂ ਰੋਜ਼ਾਨਾ ਬਾਲ ਦੁਰਵਿਹਾਰ ਸਮੱਗਰੀ ਦੇ ਸੈਂਕੜੇ ਲਿੰਕ ਸਾਂਝੇ ਕੀਤੇ ਜਾਂਦੇ ਹਨ। ਪ੍ਰਿਸਟਲੀ ਨੇ ਦਸਿਆ ਕਿ ਇਸ ਤਰ੍ਹਾਂ ਦੀਆਂ ਸਾਈਟਾਂ ਦੇ ਡਾਰਕ ਵੈੱਬ 'ਤੇ ਹਜ਼ਾਰਾਂ ਮੈਂਬਰ ਹਨ ਪਰ ਉਨ੍ਹਾਂ ਵਿਚੋਂ ਕੁਝ ਹੀ ਸਟਾਫ ਮੈਂਬਰਾਂ ਵਜੋਂ ਕੰਮ ਕਰਨ ਲਈ ਵਚਨਬੱਧ ਹਨ, ਜੋ ਬਿਨਾਂ ਭੁਗਤਾਨ ਕੀਤੇ ਬਹੁਤ ਸਾਰਾ ਸਮਾਂ ਲਗਾ ਦਿੰਦੇ ਹਨ।

ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਨੇ ਅਪਣੇ ਬਿਆਨ 'ਚ ਕਿਹਾ ਕਿ ਅਧਿਕਾਰੀਆਂ ਨੇ ਗਰਗ ਨੂੰ ਨਵੰਬਰ 2022 'ਚ ਲੇਵਿਸ਼ਮ ਸਥਿਤ ਉਸ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਦੌਰਾਨ ਕਬੀਰ ਗਰਗ ਨੇ ਅਪਣੇ ਸੰਚਾਲਕ ਖਾਤੇ ਨਾਲ ਲੌਗਇਨ ਕੀਤਾ ਸੀ ਅਤੇ ਸਾਈਟ ਉਸ ਦੇ ਲੈਪਟਾਪ 'ਤੇ ਖੁੱਲ੍ਹੀ ਹੋਈ ਸੀ। ਅਧਿਕਾਰੀਆਂ ਨੇ 7000 ਤੋਂ ਵੱਧ ਅਸ਼ਲੀਲ ਤਸਵੀਰਾਂ, ਵੀਡੀਉਜ਼ ਅਤੇ ਕਈ ਮੈਡੀਕਲ ਰਸਾਲੇ ਬਰਾਮਦ ਕੀਤੇ ਜੋ ਉਸ ਨੇ ਮਨੋਵਿਗਿਆਨੀ ਵਜੋਂ ਪ੍ਰਾਪਤ ਕੀਤੇ ਸਨ। ਇਕ ਰਸਾਲੇ ਦਾ ਸਿਰਲੇਖ ਸੀ, 'ਭਾਰਤ ਵਿਚ ਬਾਲ ਜਿਨਸੀ ਸ਼ੋਸ਼ਣ 'ਤੇ ਇਕ ਅਧਿਐਨ।' ਵਿਸ਼ੇਸ਼ ਵਕੀਲ ਬੈਥਨੀ ਰੇਨ ਨੇ ਕਿਹਾ ਕਿ ਗਰਗ ਦਾ ਅਪਰਾਧ ਬੱਚਿਆਂ 'ਤੇ ਜਿਨਸੀ ਸ਼ੋਸ਼ਣ ਦੇ ਮਨੋਵਿਗਿਆਨਕ ਪ੍ਰਭਾਵਾਂ ਦੀ ਸਮਝ ਨੂੰ ਦੇਖਦਿਆਂ ਹੈਰਾਨ ਕਰਨ ਵਾਲਾ ਸੀ।

ਜਦੋਂ ਕਬੀਰ ਗਰਗ ਨੂੰ ਬਾਲ ਜਿਨਸੀ ਸ਼ੋਸ਼ਣ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਬਾਲ ਸ਼ੋਸ਼ਣ ਦੀਆਂ ਹਜ਼ਾਰਾਂ ਤਸਵੀਰਾਂ ਅਤੇ ਵੀਡੀਉ ਬਰਾਮਦ ਕੀਤੇ ਗਏ। ਪਿਛਲੇ ਸਾਲ ਇਸੇ ਮਹੀਨੇ ਬ੍ਰਿਟੇਨ ਦੇ ਅਧਿਕਾਰੀਆਂ ਨੇ 34 ਸਾਲਾ ਮੈਥਿਊ ਸਮਿਥ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸਮਿਥ ਨੇ ਕਥਿਤ ਤੌਰ 'ਤੇ ਭਾਰਤ ਦੇ ਦੋ ਨੌਜਵਾਨਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਲੜਕਿਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਤਸਵੀਰਾਂ ਸਾਂਝੀਆਂ ਕਰਨ ਲਈ 65 ਲੱਖ ਰੁਪਏ ਦਿਤੇ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਇਕ ਵੱਡੇ ਬਾਲ ਸੈਕਸ ਰੈਕੇਟ ਦਾ ਹਿੱਸਾ ਹੈ ਕਿਉਂਕਿ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੀਆਂ ਹਜ਼ਾਰਾਂ ਵੀਡੀਉ ਅਤੇ ਤਸਵੀਰਾਂ ਬਰਾਮਦ ਕੀਤੀਆਂ ਹਨ।

ਖ਼ਾਸ ਗੱਲ ਇਹ ਹੈ ਕਿ ਭਾਰਤ ਵਿਚ ਰਹਿਣ ਦੌਰਾਨ ਸਮਿਥ ਇਕ ਅਨਾਥ ਆਸ਼ਰਮ ਲਈ ਕੰਮ ਕਰਦਾ ਸੀ ਅਤੇ ਐਨ.ਜੀ.ਓ. ਨਾਲ ਜੁੜਿਆ ਹੋਇਆ ਸੀ। ਜਿਥੇ ਉਹ ਬਾਲ ਜਿਨਸੀ ਸ਼ੋਸ਼ਣ ਦੇ ਸਹਿਯੋਗੀਆਂ ਦਾ ਇਕ ਨੈੱਟਵਰਕ ਬਣਾਉਣ ਵਿਚ ਕਾਮਯਾਬ ਰਿਹਾ ਅਤੇ ਯੂਕੇ ਪਰਤਣ ਤੋਂ ਬਾਅਦ ਵੀ ਉਨ੍ਹਾਂ ਦੇ ਸੰਪਰਕ ਵਿਚ ਰਿਹਾ। ਸਰਕਾਰੀ ਵਕੀਲ ਨੇ ਕਿਹਾ ਕਿ ਸਮਿਥ ਭਾਰਤ ਵਿਚ ਨੌਜੁਆਨਾਂ ਨੂੰ ਭਰਮਾਉਂਦਾ ਸੀ ਅਤੇ ਉਨ੍ਹਾਂ ਨੂੰ ਨਾਬਾਲਗਾਂ ਨਾਲ ਦੋਸਤੀ ਕਰਨਾ ਸਿਖਾਉਂਦਾ ਸੀ। ਫਿਰ ਉਹ ਉਨ੍ਹਾਂ ਨੂੰ ਜਿਨਸੀ ਹਰਕਤਾਂ ਦੀਆਂ ਤਸਵੀਰਾਂ ਅਤੇ ਵੀਡੀਉ ਭੇਜਦਾ ਸੀ ਜੋ ਉਹ ਚਾਹੁੰਦਾ ਸੀ ਕਿ ਉਹ ਵੀਡੀਉ 'ਤੇ ਰਿਕਾਰਡ ਕਰੇ।