ਅਪਣੇ ਪੈੱਨ ਕਾਰਨ ਵਿਵਾਦਾਂ ’ਚ ਫਸੇ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਟਾਈ ਜਾ ਸਕਣ ਵਾਲੀ ਸਿਆਹੀ ਵਾਲਾ ਪੈੱਨ ਪ੍ਰਯੋਗ ਕਰਨ ’ਤੇ ਵਿਰੋਧੀ ਪਾਰਟੀਆਂ ਉਠਾਏ ਸਵਾਲ

Rishi Sunak.

ਲੰਡਨ: ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਇਹ ਪ੍ਰਗਟਾਵਾ ਹੋਣ ਤੋਂ ਬਾਅਦ ਇਕ ਹੋਰ ਵਿਵਾਦ ’ਚ ਫਸ ਗਏ ਹਨ ਕਿ ਉਹ ਅਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਮਿਟਾਈ ਜਾ ਸਕਣ ਵਾਲੀ ਸਿਆਹੀ ਵਾਲੇ ਪੈੱਨ ਦੀ ਵਰਤੋਂ ਕਰਦੇ ਹਨ।
 

‘ਦ ਗਾਰਡੀਅਨ’ ਵਲੋਂ ਕੀਤੇ ਇਸ ਪ੍ਰਗਟਾਵੇ ਨੇ ਸੂਨਕ ਵਲੋਂ ਹਸਤਾਖ਼ਰ ਕੀਤੇ ਦਸਤਾਵੇਜ਼ਾਂ ਅਤੇ ਹੋਰ ਅਹਿਮ ਰੀਕਾਰਡਾਂ ਦੀ ਗੁਪਤਤਾ ਬਾਰੇ ਸੁਰੱਖਿਆ ਚਿੰਤਾਵਾਂ ’ਤੇ ਸਵਾਲ ਖੜੇ ਕਰ ਦਿਤੇ ਹਨ।
 

ਅਪਣੇ ਚਾਂਸਲਰ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਸੂਨਕ ਨੂੰ ਕਈ ਵਾਰੀ ‘ਪਾਈਲਟ 5’ ਫ਼ਾਊਂਟੇਨ ਪੈੱਨ ਦਾ ਪ੍ਰਯੋਗ ਕਰਦਿਆਂ ਵੇਖਿਆ ਗਿਆ ਹੈ। ਉਹ ਕੈਬਨਿਟ ਮੀਟਿੰਗਾਂ ’ਚ ਲਿਖਣ ਦੌਰਾਨ, ਸਰਕਾਰੀ ਕਾਗਜ਼ਾਂ ’ਤੇ ਅਤੇ ਯੂ.ਕੇ. ਤੇ ਕੌਮਾਂਤਰੀ ਸੰਮੇਲਨਾਂ ’ਚ ਅਧਿਕਾਰਕ ਚਿੱਠੀਆਂ ’ਤੇ ਹਸਤਾਖ਼ਰ ਕਰਨ ਦੌਰਾਨ ਵੀ ਇਸ ਪੈੱਨ ਦੀ ਵਰਤੋਂ ਕਰਦੇ ਹਨ।
 

ਪੈੱਨ ਦੀ ਕੀਮਤ 4.75 ਪਾਊਂਡ ਹੈ ਅਤੇ ਇਸ ’ਤੇ ਮਿਟਾਈ ਜਾ ਸਕਣਯੋਗ ਸਿਆਹੀ ਦੀ ਨਿਸ਼ਾਨੀ ਛਪੀ ਹੋਈ ਹੈ। ਇਸ ਪੈੱਨ ਨੂੰ ਸਿਆਹੀ ਵਾਲੇ ਪੈੱਨ ਨਾਲ ਲਿਖਣਾ ਸਿਖਣ ਵਾਲਿਆਂ ਲਈ ਤਿਆਰ ਕੀਤਾ ਗਿਆ ਸੀ, ਕਿਉਂਕਿ ਇਸ ਸਿਆਹੀ ਨੂੰ ਆਮ ਸਿਆਹੀ ਮਿਟਾਉਣ ਵਾਲੀਆਂ ਚੀਜ਼ਾਂ ਨਾਲ ਮਿਟਾਇਆ ਜਾ ਸਕਦਾ ਹੈ।’’
 

ਇਸੇ ਕਾਰਨ ਅਜਿਹੀਆਂ ਚਿੰਤਾਵਾਂ ਪੈਦਾ ਹੋ ਗਈਆਂ ਸਨ ਕਿ ਉਨ੍ਹਾਂ ਵਲੋਂ ਲਿਖੇ ਅਤੇ ਹਸਤਾਖ਼ਰ ਕੀਤੇ ਕਾਗ਼ਜ਼ਾਂ ਤੋਂ ਉਨ੍ਹਾਂ ਵਲੋਂ ਪ੍ਰਯੋਗ ਕੀਤੀ ਇਸ ਸਿਆਹੀ ਨੂੰ ਮਿਟਾਇਆ ਜਾ ਸਕਦਾ ਹੈ।
 

ਦੂਜੇ ਪਾਸੇ ਸੂਨਕ ਦੇ ਦਫ਼ਤਰ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਦੇ ਵੀ ਇਸ ਪੈੱਨ ਦੀ ‘ਮਿਟਾਈ’ ਜਾ ਸਕਣ ਵਾਲੀ ਵਿਸ਼ੇਸ਼ਤਾ ਦਾ ਪ੍ਰਯੋਗ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਕਰਨਗੇ।
 

ਸੂਨਕ ਦੇ ਪ੍ਰੈੱਸ ਸਕੱਤਰ ਨ ਕਿਹਾ, ‘‘ਇਹ ਪੈੱਨ ਸਿਵਲ ਸਰਵਿਸ ਵਲੋਂ ਮੁਹਈਆ ਕਰਵਾਇਆ ਜਾਂਦਾ ਹੈ ਅਤੇ ਵੱਡੇ ਪੱਧਰ ’ਤੇ ਪ੍ਰਯੋਗ ਵੀ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਦੇ ਇਸ ਦੀ ਸਿਆਹੀ ਨੂੰ ਨਹੀਂ ਮਿਟਾਇਆ ਹੈ ਅਤੇ ਨਾ ਹੀ ਕਦੇ ਅਜਿਹਾ ਕਰਨਗੇ।’’
 

ਇਸ ਦੌਰਾਨ ਸੂਨਕ ਦੇ ਵਿਰੋਧੀਆਂ ਨੇ ਇਸ ਮੌਕੇ ਨੂੰ ਉਨ੍ਹਾਂ ’ਤੇ ਵਾਰ ਕਰਨ ਲਈ ਪ੍ਰਯੋਗ ਕਰਦਿਆਂ ਯੂ.ਕੇ. ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਦਸਿਆ ਹੈ।
 

ਸਾਬਕਾ ਲਿਬਰਲ ਡੈਮੋਕਰੇਟ ਸੰਸਦ ਮੈਂਬਰ ਟੌਮ ਬਰੇਕ ਨੇ ਕਿਹਾ, ‘‘ਸਿਆਸਤਦਾਨਾਂ ’ਚ ਭਰੋਸਾ ਪਹਿਲਾਂ ਹੀ ਬਹੁਤ ਘਟ ਗਿਆ ਹੈ। ਪ੍ਰਧਾਨ ਮੰਤਰੀ ਵਲੋਂ ਮਿਟਾਈ ਜਾ ਸਕਣ ਵਾਲੀ ਸਿਆਹੀ ਦੀ ਵਰਤੋਂ ਨਾਲ ਇਹ ਭਰੋਸਾ ਬਿਲਕੁਲ ਖ਼ਤਮ ਹੋ ਜਾਵੇਗਾ।’’