ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਤਾਂ ਐਲਨ ਮਸਕ ਨੂੰ ਬਣਾਵਾਂਗਾ ਸਲਾਹਕਾਰ : ਵਿਵੇਕ ਰਾਮਾਸਵਾਮੀ
ਮਸਕ ਵਲੋਂ ਟਵਿੱਟਰ ’ਚ ਵੱਡੇ ਪੱਧਰ ’ਤੇ ਕੀਤੀ ਗਈ ਛਾਂਟੀ ਦੇ ਪ੍ਰਸ਼ੰਸਕ ਹਨ ਰਾਮਾਸਵਾਮੀ
ਵਾਸ਼ਿੰਗਟਨ: ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਰਿਪਬਲਿਕਨ ਉਮੀਦਵਾਰੀ ਦੇ ਭਾਰਤੀ-ਅਮਰੀਕੀ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਸੰਕੇਤ ਦਿਤੇ ਹਨ ਕਿ ਜੇਕਰ ਉਹ 2024 ’ਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਅਰਬਪਤੀ ਕਾਰੋਬਾਰੀ ਐਲਨ ਮਸਕ ਨੂੰ ਅਪਣੇ ਪ੍ਰਸ਼ਾਸਨ ਦਾ ਸਲਾਹਕਾਰ ਬਣਾਉਣਾ ਚਾਹੁਣਗੇ।
‘ਐਨ.ਬੀ.ਸੀ. ਨਿਊਜ਼’ ਅਨੁਸਾਰ ਰਾਮਾਸਵਾਮੀ (38) ਨੇ ਸ਼ੁਕਰਵਾਰ ਨੂੰ ਆਯੋਵਾ ’ਚ ‘ਟਾਊਨ ਹਾਲ’ ਦੌਰਾਨ ਜਦੋਂ ਪੁਛਿਆ ਗਿਆ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਤਾਂ ਉਹ ਕਿਸ ਨੂੰ ਅਪਣਾ ਸਲਾਹਕਾਰ ਬਣਾਉਣਾ ਚਾਹੁਣਗੇ, ਉਨ੍ਹਾਂ ਨੇ ਜਵਾਬ ’ਚ ਮਸਕ ਦਾ ਨਾਂ ਲਿਆ।
ਰਾਮਾਸਵਾਮੀ ਪਿਛਲੇ ਸਾਲ ਟਵਿੱਟਰ (ਹੁਣ ਐਕਸ) ਦੇ ਮਾਲਕ ਬਣਨ ਤੋਂ ਬਾਅਦ ਮਸਕ ਵਲੋਂ ਵੱਡੇ ਪੱਧਰ ’ਤੇ ਕੀਤੀ ਗਈ ਛਾਂਟੀ ਦੇ ਪ੍ਰਸ਼ੰਸਕ ਹਨ। ਬਾਇਉਟੇਕ ਉਦਯੋਗਪਤੀ ਰਾਮਾਸਵਾਮੀ ਨੇ ਕਿਹਾ ਕਿ ਉਹ ਅਜਿਹੇ ਨਵੇਂ ਵਿਚਾਰਾਂ ਦੇ ਲੋਕਾਂ ਨੂੰ ਚਾਹੁੰਦੇ ਹਨ ਜੋ ਸਰਕਾਰ ‘ਦੇ ਅੰਦਰੋਂ ਨਹੀਂ ਆਉਂਦੇ’।
‘ਐਨ.ਬੀ.ਸੀ. ਨਿਊਜ਼’ ਨੇ ਰਾਮਾਸਵਾਮੀ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਪਿੱਛੇ ਜਿਹੇ ਐਲਨ ਮਸਕ ਨੂੰ ਹੋਰ ਬਿਹਤਰ ਤਰੀਕੇ ਨਾਲ ਜਾਣ ਕੇ ਚੰਗਾ ਲੱਗਾ। ਮੈਨੂੰ ਲਗਦਾ ਹੈ ਕਿ ਉਹ ਮੇਰੇ ਇਕ ਦਿਲਚਸਪ ਸਲਾਹਕਾਰ ਹੋਣਗੇ, ਕਿਉਂਕਿ ਉਨ੍ਹਾਂ ਨੇ ਟਵਿੱਟਰ ਦੇ 75 ਫ਼ੀ ਸਦੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਅਤੇ ਇਸ ਤੋਂ ਬਾਅਦ ਪ੍ਰਭਾਵਸ਼ੀਲਤਾ ਅਸਲ ’ਚ ਵਧ ਗਈ।’’
ਮਸਕ (52) ਸਪੇਸਐਕਸ, ਟੈਸਲਾ ਅਤੇ ਐਕਸ ਦੇ ਮਾਲਕ ਹਨ।
ਇਸ ਤੋਂ ਪਹਿਲਾਂ ਵੀ ਰਾਮਾਸਵਾਮੀ ਨੇ ਸੋਸ਼ਲ ਮੀਡੀਆ ਕੰਪਨੀ ‘ਐਕਸ’ ਦੇ ਪ੍ਰਬੰਧਨ ਲਈ ਮਸਕ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਉਸੇ ਤਰ੍ਹਾਂ ਸਰਕਾਰ ਚਲਾਉਣਗੇ ਜਿਸ ਤਰ੍ਹਾਂ ਮਸਕ ਕੰਪਨੀ ਨੂੰ ਚਲਾਉਂਦੇ ਹਨ।
ਐੱਨ.ਬੀ.ਸੀ. ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਰਾਮਾਸਵਾਮੀ ਨੇ ਸਿੱਖਿਆ ਵਿਭਾਗ, ਸੰਘੀ ਜਾਂਚ ਬਿਊਰੋ ਅਤੇ ਅਲਕੋਹਲ, ਤੰਬਾਕੂ, ਹਥਿਆਰਾਂ ਅਤੇ ਵਿਸਫੋਟਕਾਂ ਦੇ ਬਿਊਰੋ ਨੂੰ ਬੰਦ ਕਰਨ ਦੀ ਅਪਣੀ ਇੱਛਾ ਬਾਰੇ ਖੁੱਲ੍ਹੇ ਤੌਰ ’ਤੇ ਅਪਣੇ ਵਿਚਾਰ ਪ੍ਰਗਟ ਕੀਤੇ ਹਨ।
ਰਾਮਾਸਵਾਮੀ 40 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਅਮਰੀਕੀਆਂ ’ਚੋਂ ਇਕ ਹਨ। ਉਸ ਨੇ ‘ਹਾਰਵਰਡ ਯੂਨੀਵਰਸਿਟੀ’ ਤੋਂ ਜੀਵ ਵਿਗਿਆਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ‘ਯੇਲ ਯੂਨੀਵਰਸਿਟੀ’ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ‘ਫੋਰਬਸ’ ਮੁਤਾਬਕ ਉਹ ਕੁਝ ਸਮੇਂ ਲਈ ਅਰਬਪਤੀ ਸੀ ਪਰ ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ ਉਸ ਦੀ ਪੂੰਜੀ ਘਟ ਕੇ ਕਰੀਬ 95 ਕਰੋੜ ਡਾਲਰ ਰਹਿ ਗਈ।
ਅਮਰੀਕੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਦਾਅਵੇਦਾਰਾਂ ਦੀ ਪਹਿਲੀ ਬਹਿਸ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਅਰਬਪਤੀ ਭਾਰਤੀ-ਅਮਰੀਕੀ ਉਦਯੋਗਪਤੀ ਰਾਮਾਸਵਾਮੀ ਦੀ ਪ੍ਰਸਿੱਧੀ ’ਚ ਵਾਧਾ ਹੋਇਆ ਹੈ। ਉਹ ਲੋਕਪ੍ਰਿਅਤਾ ਰੇਟਿੰਗ ਪੋਲ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਦੂਜੇ ਨੰਬਰ ’ਤੇ ਹਨ।
ਰਾਮਾਸਵਾਮੀ (38) ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਲਈ ਸਭ ਤੋਂ ਘੱਟ ਉਮਰ ਦੇ ਦਾਅਵੇਦਾਰ ਹਨ।