ਨਿਊਜ਼ੀਲੈਂਡ : ਕੋਰੋਨਾ ਵੈਕਸੀਨ ਦੀਆਂ 5 ਮਿਲੀਅਨ ਖ਼ੁਰਾਕਾਂ ਦਿਤੀਆਂ ਗਈਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

1 ਮਿਲੀਅਨ ਦੀ ਖ਼ੁਰਾਕ ਦਾ ਮੀਲ ਪੱਥਰ ਤਿੰਨ ਮਹੀਨੇ ਪਹਿਲਾਂ ਪੂਰਾ ਕਰ ਲਿਆ ਗਿਆ ਸੀ ਅਤੇ 3 ਮਿਲੀਅਨ ਦੀ ਖ਼ੁਰਾਕ ਇਕ ਮਹੀਨਾ ਪਹਿਲਾਂ ਦਿਤੀ ਗਈ ਸੀ।

5 million doses of Pfizer COVID-19 vaccine administered in New Zealand

 

ਵੈਲਿੰਗਟਨ : ਨਿਊਜ਼ੀਲੈਂਡ ਦੇ ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ ਫ਼ਾਈਜ਼ਰ ਟੀਕਾਕਰਨ ਦੀਆਂ 5 ਮਿਲੀਅਨ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ। ਹਿਪਕਿਨਜ਼ ਨੇ ਇਕ ਬਿਆਨ ਵਿਚ ਕਿਹਾ, ‘ਹੁਣ ਤਕ, ਨਿਊਜ਼ੀਲੈਂਡ ਵਿਚ ਫ਼ਾਈਜ਼ਰ ਟੀਕੇ ਦੀਆਂ 5,020,900 ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ, ਜਿਸ ਵਿਚ 3,231,444 ਪਹਿਲੀ ਖ਼ੁਰਾਕ ਅਤੇ 1,789,456 ਦੂਜੀ ਖ਼ੁਰਾਕ ਸੀ।      

ਸਮਾਚਾਰ ਏਜੰਸੀ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਅਗੱਸਤ ਦੇ ਅਖ਼ੀਰ ਵਿਚ ਇਕ ਦਿਨ ਵਿਚ ਟੀਕਿਆਂ ਦੀ ਗਿਣਤੀ 90,000 ਤੋਂ ਵੱਧ ਹੋ ਗਈ ਹੈ ਅਤੇ ਹੁਣ ਅਸੀਂ ਹਰ ਰੋਜ਼ ਲਗਭਗ 50,000 ਖ਼ੁਰਾਕਾਂ ਦੇ ਰਹੇ ਹਾਂ। 1 ਮਿਲੀਅਨ ਦੀ ਖ਼ੁਰਾਕ ਦਾ ਮੀਲ ਪੱਥਰ ਤਿੰਨ ਮਹੀਨੇ ਪਹਿਲਾਂ ਪੂਰਾ ਕਰ ਲਿਆ ਗਿਆ ਸੀ ਅਤੇ 3 ਮਿਲੀਅਨ ਦੀ ਖ਼ੁਰਾਕ ਇਕ ਮਹੀਨਾ ਪਹਿਲਾਂ ਦਿਤੀ ਗਈ ਸੀ।

ਪਿਛਲੇ ਮਹੀਨੇ, ਹੋਰ 2 ਮਿਲੀਅਨ ਖ਼ੁਰਾਕਾਂ ਦਿਤੀਆਂ ਗਈਆਂ। ਉਨ੍ਹਾਂ ਕਿਹਾ ਕਿ ਰਾਸ਼ਟਰੀ ਟੀਕਾਕਰਨ ਬੁਕਿੰਗ ਪ੍ਰਣਾਲੀ ਵਿਚ ਨਿਊਜ਼ੀਲੈਂਡ ਦੇ ਆਲੇ ਦੁਆਲੇ ਲਗਭਗ 680 ਸਰਗਰਮ ਟੀਕਾਕਰਨ ਸਥਾਨਾਂ ’ਤੇ ਲਗਭਗ 1.3 ਮਿਲੀਅਨ ਭਵਿੱਖ ਦੀ ਬੁਕਿੰਗ ਹੈ। ਉਨ੍ਹਾਂ ਕਿਹਾ ਕਿ ਸਾਡੇ ਟੀਕਾਕਰਨ ਕਰਮਚਾਰੀ ਇਹ ਯਕੀਨੀ ਕਰਨ ਲਈ ਨਵੇਂ ਢੰਗ ਅਪਣਾ ਰਹੇ ਹਨ ਹੈ ਕਿ ਟੀਕਾਕਰਨ ਸਾਰੇ ਖੇਤਰਾਂ ਦੇ ਲੋਕਾਂ ਲਈ ਆਸਾਨ ਹੋਵੇ।

ਹਿਪਕਿਨਜ਼ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਕੋਲ ਵੈਕਸੀਨ ਦੀ ਬਹੁਤ ਸਾਰੀ ਸਪਲਾਈ ਮੌਜੂਦ ਹੈ ਅਤੇ ਇਸ ਵੇਲੇ 1.3 ਮਿਲੀਅਨ ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਸਟਾਕ ਵਿਚ ਹਨ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫ਼ੀਲਡ ਮੁਤਾਬਕ, 2021 ਦੇ ਅੰਤ ਤਕ ਨਿਊਜ਼ੀਲੈਂਡ ਦੀ 50 ਲੱਖ ਆਬਾਦੀ ਵਿਚੋਂ 90 ਫ਼ੀ ਸਦੀ ਦਾ ਟੀਕਾਕਰਨ ਕਰਨ ਦਾ ਉਦੇਸ਼ ਹੈ।