ਹੁਣ ਨਿਊਜ਼ੀਲੈਂਡ ਯਾਤਰੀਆਂ ਨੂੰ ‘ਹੋਮ ਆਈਸੋਲੇਸ਼ਨ’ ਦੀ ਦੇਵੇਗਾ ਇਜਾਜ਼ਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਆਕਲੈਂਡ ਹੋਟਲ ਆਈਸੋਲੇਸ਼ਨ ਵਿਚ ਡੈਲਟਾ ਵੈਰੀਐਂਟ ਦੇ ਲੀਕ ਹੋਣ ਦੇ ਬਾਅਦ 17 ਅਗਸਤ ਤੋਂ ਬੰਦ ਹੈ

New Zealand will now allow travelers 'home isolation'

ਵੈਲਿੰਗਟਨ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵਿਰੁਧ ਟੀਕਾਕਰਣ ਦੀ ਗਤੀ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਸਰਕਾਰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਮ ਆਈਸੋਲੇਸ਼ਨ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕਰੇਗੀ। ਵਰਤਮਾਨ ਵਿਚ ਨਿਊਜ਼ੀਲੈਂਡ ਵਾਸੀਆਂ ਨੂੰ ਵਿਦੇਸ਼ਾਂ ਤੋਂ ਘਰ ਪਰਤਣ ’ਤੇ ਦੋ ਹਫ਼ਤਿਆਂ ਲਈ ਹੋਟਲਾਂ ਵਿਚ ਕੁਆਰੰਟੀਨ ਰਹਿਣਾ ਪੈਂਦਾ ਹੈ। ਉਧਰ ਆਸਟ੍ਰੇਲੀਆ ਵੀ ਕੌਮਾਂਤਰੀ ਸਰਹੱਦ ਖੋਲ੍ਹਣ ’ਤੇ ਵਿਚਾਰ ਕਰ ਰਿਹਾ ਹੈ।  

ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਪਾਇਲਟ ਪ੍ਰੋਗਰਾਮ ਨਿਊਜ਼ੀਲੈਂਡ ਦੇ ਲੋਕਾਂ ਨੂੰ ਘਰ ਵਿਚ ਆਈਸੋਲੇਸ਼ਨ ਦੀ ਇਜਾਜ਼ਤ ਦੇਵੇਗਾ। ਇਸ ਵਿਚ 150 ਕਾਰੋਬਾਰੀ ਯਾਤਰੀ ਵੀ ਸ਼ਾਮਲ ਹੋਣਗੇ, ਜੋ 30 ਅਕਤੂਬਰ ਤੋਂ 8 ਦਸੰਬਰ ਦੇ ਵਿਚਕਾਰ ਦੇਸ਼ ਵਿਚ ਆਉਣਗੇ। ਪ੍ਰੋਗਰਾਮ ਦੇ ਤਹਿਤ ਵਾਪਸ ਪਰਤੇ ਲੋਕਾਂ ਦੀ ਨਿਗਰਾਨੀ ਅਤੇ ਪਰੀਖਣ ਕੀਤਾ ਜਾਵੇਗਾ। ਦੇਸ਼ ਵਿਚ ਜਾਰੀ ਟੀਕਾਕਰਣ ਮੁਹਿੰਮ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੀ ਆਬਾਦੀ ਵਿਚੋਂ 43 ਫੀ ਸਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ।

ਅਰਡਰਨ ਨੇ ਕਿਹਾ ਕਿ ਦੇਸ਼ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਆਕਲੈਂਡ ਹੋਟਲ ਆਈਸੋਲੇਸ਼ਨ ਵਿਚ ਡੈਲਟਾ ਵੈਰੀਐਂਟ ਦੇ ਲੀਕ ਹੋਣ ਦੇ ਬਾਅਦ 17 ਅਗਸਤ ਤੋਂ ਬੰਦ ਹੈ। 82 ਫ਼ੀ ਸਦੀ ਯੋਗ ਆਬਾਦੀ ਨੂੰ ਫਾਈਜ਼ਰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਦਿਤੀ ਜਾ ਚੁੱਕੀ ਹੈ। ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਦੇ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਵਾਲਾ ਤਰੀਕਾ ਅਪਣਾਇਆ ਹੈ ਅਤੇ ਡੈਲਟਾ ਵੈਰੀਐਂਟ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸ ਜਤਾਈ ਹੈ ਕਿ ਉਹਨਾਂ ਦਾ ਦੇਸ਼ ਸਾਲ ਦੇ ਅਖੀਰ ਤੋਂ ਪਹਿਲਾਂ ਆਪਣੀ ਅੰਤਰਰਾਸ਼ਟਰੀ ਸਰਹੱਦ ਖੋਲ੍ਹ ਦੇਵੇਗਾ। ਦੇਸ਼ ਦੀ 16 ਸਾਲ ਅਤੇ ਉਸ ਤੋਂ ਵੱਧ ਉਮਰ ਦੀ 80 ਫੀਸਦੀ ਆਬਾਦੀ ਦੇ ਟੀਕਾਕਰਣ ਦੇ ਬਾਅਦ ਆਸਟ੍ਰੇਲੀਆਈ ਸਰਕਾਰ ਵਿਦੇਸ਼ ਯਾਤਰਾ ’ਤੇ ਸਖ਼ਤ ਪਾਬੰਦੀਆਂ ਨੂੰ ਘੱਟ ਕਰਨ ’ਤੇ ਸਹਿਮਤ ਹੋਈ ਹੈ। ਮੌਰੀਸਨ ਨੇ ਕਿਹਾ ਕਿ ਇਸ ਕਦਮ ਨਾਲ ਆਸਟ੍ਰੇਲੀਆਈ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾਣ ਅਤੇ ਸਥਾਈ ਵਸਨੀਕਾਂ ਨੂੰ ਘਰ ਪਰਤਣ ਦੀ ਇਜਾਜ਼ਤ ਮਿਲੇਗੀ।