ਸ਼ਰੀਫ਼ ਵਲੋਂ ਮੁੜ ‘ਕਸ਼ਮੀਰੀ ਰਾਗ’ ਅਲਾਪਣ ’ਤੇ ਭਾਰਤ ਦਾ ਮੋੜਵਾਂ ਜਵਾਬ
‘ਪਾਕਿਸਤਾਨ ਯਾਦ ਰੱਖੇ ਕਿ ਸਰਹੱਦ ਪਾਰੋਂ ਅਤਿਵਾਦ ਦੇ ਨਤੀਜੇ ਉਸ ਨੂੰ ਲਾਜ਼ਮੀ ਭੁਗਤਣੇ ਪੈਣਗੇ’
ਸੰਯੁਕਤ ਰਾਸ਼ਟਰ : ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ’ਚ ਪਾਕਿਸਤਾਨ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਦੁਨੀਆਂ ਭਰ ’ਚ ਅਤਿਵਾਦੀ ਘਟਨਾਵਾਂ ’ਚ ਸ਼ਾਮਲ ਰਿਹਾ ਹੈ ਅਤੇ ਗੁਆਂਢੀ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਵਿਰੁਧ ਸਰਹੱਦ ਪਾਰ ਦੇ ਅਤਿਵਾਦ ਦੇ ਨਤੀਜੇ ਲਾਜ਼ਮੀ ਤੌਰ ’ਤੇ ਭੁਗਤਣੇ ਪੈਣਗੇ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 79ਵੇਂ ਸੈਸ਼ਨ ਦੀ ਆਮ ਬਹਿਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਣ ਵਿਰੁਧ ਪ੍ਰਤੀਕਰਮ ਵਜੋਂ ਅਪਣੇ ‘ਜਵਾਬ ਦੇ ਅਧਿਕਾਰ’ ਦੀ ਵਰਤੋਂ ਕੀਤੀ।
ਭਾਰਤ ਦੇ ਜਵਾਬ ਦੇ ਅਧਿਕਾਰ ਤਹਿਤ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੀ ਸਕੱਤਰ ਭਾਵਿਕਾ ਮੰਗਲਾਨੰਦਨ ਨੇ ਕਿਹਾ,“ਇਸ ਜਨਰਲ ਅਸੈਂਬਲੀ ਵਿਚ ਅੱਜ ਸਵੇਰੇ ਇਕ ਹਾਸੋਹੀਣੀ ਘਟਨਾ ਦੇਖੀ ਗਈ। ਅਤਿਵਾਦ, ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਅੰਤਰਰਾਸ਼ਟਰੀ ਅਪਰਾਧ ਲਈ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਦੇਸ਼ ਜੋ ਫ਼ੌਜ ਦੁਆਰਾ ਚਲਾਇਆ ਜਾਂਦਾ ਹੈ, ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ’ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਜਿਵੇਂ ਕਿ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਸਰਹੱਦ ਪਾਰ ਅਤਿਵਾਦ ਨੂੰ ਅਪਣੇ ਗੁਆਂਢੀਆਂ ਵਿਰੁਧ ਹਥਿਆਰ ਵਜੋਂ ਵਰਤ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਸਥਿਤ ਅਤਿਵਾਦੀ ਸਮੂਹਾਂ ਦੁਆਰਾ 2001 ਵਿਚ ਭਾਰਤੀ ਸੰਸਦ ’ਤੇ ਹਮਲੇ ਅਤੇ ਮੁੰਬਈ ਵਿਚ 26/11 ਦੇ ਅਤਿਵਾਦੀ ਹਮਲਿਆਂ ਸਬੰਧੀ ਕਿਹਾ ਕਿ,‘‘ਉਨ੍ਹਾਂ ਨੇ ਸਾਡੀ ਸੰਸਦ, ਸਾਡੀ ਵਿੱਤੀ ਰਾਜਧਾਨੀ ਮੁੰਬਈ ਦੇ ਬਾਜ਼ਾਰਾਂ ਅਤੇ ਤੀਰਥ ਸਥਾਨਾਂ ’ਤੇ ਹਮਲਾ ਕੀਤਾ।’’
ਮੰਗਲਾਨੰਦਨ ਨੇ ਕਿਹਾ,“ਸੂਚੀ ਲੰਮੀ ਹੈ। ਅਜਿਹੇ ਦੇਸ਼ ਲਈ ਹਿੰਸਾ ਬਾਰੇ ਕਿਤੇ ਵੀ ਬੋਲਣਾ ਪੂਰੀ ਤਰ੍ਹਾਂ ਪਾਖੰਡ ਹੈ।’’ ਮੰਗਲਾਨੰਦਨ ਨੇ ਕੌਮਾਂਤਰੀ ਭਾਈਚਾਰੇ ਨੂੰ ਯਾਦ ਦਿਵਾਇਆ ਕਿ ਇਹ ਉਹੀ ਦੇਸ਼ ਹੈ ਜਿਸ ਨੇ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਨੂੰ ਲੰਮੇ ਸਮੇਂ ਤਕ ਪਨਾਹ ਦਿਤੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ ’ਚ ਕਈ ਅਤਿਵਾਦੀ ਘਟਨਾਵਾਂ ’ਚ ਪਾਕਿਸਤਾਨ ਦਾ ਹੱਥ’ ਹੈ।
ਜ਼ਿਕਰਯੋਗ ਹੈ ਕਿ ਸ਼ਰੀਫ਼ ਨੇ ਉਮੀਦ ਅਨੁਸਾਰ ਅਪਣੇ ਸੰਬੋਧਨ ਵਿਚ ਕਸ਼ਮੀਰ ਦਾ ਮੁੱਦਾ ਉਠਾਇਆ ਤੇ ਕਿਹਾ ਕਿ,‘‘ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਭਾਰਤ ਨੂੰ ਧਾਰਾ 370 ਨੂੰ ਬਹਾਲ ਕਰਨਾ ਹੋਵੇਗਾ ਅਤੇ ਜੰਮੂ-ਕਸ਼ਮੀਰ ਮੁੱਦੇ ਦੇ ਸ਼ਾਂਤਮਈ ਹੱਲ ਲਈ ਗੱਲਬਾਤ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੇ ਆਪਸੀ ‘ਰਣਨੀਤਕ ਵਿਵਸਥਾ’ ਲਈ ਉਨ੍ਹਾਂ ਦੇ ਦੇਸ਼ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ।