Kazakhstan coal mine fire : ਕਜ਼ਾਕਿਸਤਾਨ ਦੀ ਕੋਲਾ ਖਾਣ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੇ ਆਰਸੇਲਰ ਮਿੱਤਲ ਤੇਮਿਰਤਾਉ ਨਾਲ ਨਿਵੇਸ਼ ਸਹਿਯੋਗ ਨੂੰ ਖਤਮ ਕਰਨ ਦਾ ਐਲਾਨ ਕੀਤਾ

ArcelorMittal controled mine in Kazakhstan

Kazakhstan coal mine fire : ਮੱਧ ਕਜ਼ਾਕਿਸਤਾਨ ਵਿਚ ਸ਼ਨਿਚਰਵਾਰ ਨੂੰ ਇਕ ਕੋਲੇ ਦੀ ਖਾਣ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਲਾਪਤਾ ਹਨ। ਖਾਣ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰਸੇਲਰ ਮਿੱਤਲ ਟੇਮਿਰਤਾਉ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ। ਕੰਪਨੀ ਨੇ ਦਸਿਆ ਕਿ ਜਦੋਂ ਕੋਸਟੇਨਕੋ ਕੋਲਾ ਖਾਣ ’ਚ ਅੱਗ ਲੱਗੀ ਤਾਂ ਉੱਥੇ ਕਰੀਬ 252 ਲੋਕ ਕੰਮ ਕਰ ਰਹੇ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਮੀਥੇਨ ਗੈਸ ਹੋ ਸਕਦੀ ਹੈ।

ਆਰਸੇਲਰ ਮਿੱਤਲ ਟੇਮਿਰਤਾਉ ਲਕਜ਼ਮਬਰਗ-ਅਧਾਰਤ ਬਹੁ-ਕੌਮੀ ਆਰਸੇਲਰ ਮਿੱਤਲ ਦਾ ਸਥਾਨਕ ਪ੍ਰਤੀਨਿਧੀ ਹੈ, ਜੋ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਟੀਲ ਨਿਰਮਾਤਾ ਹੈ। ਆਰਸੇਲਰ ਮਿੱਤਲ ਤੇਮਿਰਤਾਉ ਕਾਰਗਾਂਡਾ ਖੇਤਰ ’ਚ ਅੱਠ ਕੋਲੇ ਦੀਆਂ ਖਾਣਾਂ ਦਾ ਸੰਚਾਲਨ ਕਰਦਾ ਹੈ। ਇਸ ਤੋਂ ਇਲਾਵਾ, ਕੰਪਨੀ ਕੋਲ ਕੇਂਦਰੀ ਅਤੇ ਉੱਤਰੀ ਕਜ਼ਾਕਿਸਤਾਨ ’ਚ ਲੋਹੇ ਦੀਆਂ ਚਾਰ ਖਾਣਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਵੀ ਹੈ।

ਸੁਰੱਖਿਆ ਉਲੰਘਣਾਵਾਂ ਦਾ ਦੋਸ਼, ਜਾਂਚ ਦਾ ਐਲਾਨ 

ਕੰਪਨੀ ਦੀ ਇਸੇ ਖਾਣ ’ਚ ਅਗੱਸਤ ’ਚ ਵੀ ਅੱਗ ਲੱਗ ਗਈ ਸੀ ਜਿਸ ’ਚ ਚਾਰ ਮਾਈਨਰਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ, ਨਵੰਬਰ 2022 ’ਚ ਇਕ ਹੋਰ ਕੰਮ ਵਾਲੀ ਥਾਂ ’ਤੇ ਮੀਥੇਨ ਗੈਸ ਲੀਕ ਹੋਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਕੰਪਨੀ ਨੇ ਇਕ ਬਿਆਨ ’ਚ ਮ੍ਰਿਤਕਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਸ ਦੀ ਕੋਸ਼ਿਸ਼ ਹੁਣ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਭਾਵਤ ਮੁਲਾਜ਼ਮਾਂ ਨੂੰ ਸਰਕਾਰੀ ਅਧਿਕਾਰੀਆਂ ਤੋਂ ਸਹਾਇਤਾ ਦੇ ਨਾਲ ਦੇਖਭਾਲ ਅਤੇ ਮੁੜ ਵਸੇਬਾ ਮਿਲੇ। ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਸੇਲਰ ਮਿੱਤਲ ਤੇਮਿਰਤਾਉ ਦੇ ਨਾਲ ਨਿਵੇਸ਼ ਸਹਿਯੋਗ ਨੂੰ ਖਤਮ ਕਰ ਰਿਹਾ ਹੈ। ਦੇਸ਼ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਕੋਲਾ ਖਾਣ ’ਤੇ ਸੰਭਾਵਿਤ ਸੁਰੱਖਿਆ ਉਲੰਘਣਾਵਾਂ ਦੀ ਜਾਂਚ ਦਾ ਵੀ ਐਲਾਨ ਕੀਤਾ ਹੈ।