ਇਟਲੀ ਦੇ ਇਸਚੀਆ ਟਾਪੂ 'ਤੇ ਜ਼ਮੀਨ ਖਿਸਕੀ, ਨਵਜੰਮੇ ਬੱਚੇ ਸਮੇਤ 7 ਲੋਕਾਂ ਦੀ ਮੌਤ
ਜ਼ਮੀਨ ਖਿਸਕਣ ਕਾਰਨ ਇਮਾਰਤਾਂ ਢਹਿ ਗਈਆਂ ਅਤੇ ਸਮੁੰਦਰੀ ਕੰਢੇ ਖੜ੍ਹੇ ਵਾਹਨ ਰੁੜ੍ਹ ਗਏ
ਮਿਲਾਨ - ਇਟਲੀ ਵਿਖੇ ਇਸਚੀਆ ਟਾਪੂ 'ਤੇ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਰਮੀਆਂ ਨੇ ਮਲਬੇ ਹੇਠ ਦੱਬੀਆਂ ਸੱਤ ਲਾਸ਼ਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿਚ ਤਿੰਨ ਹਫ਼ਤਿਆਂ ਦਾ ਇਕ ਨਵਜੰਮਾ ਬੱਚਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਲਜ਼ ਪ੍ਰੀਫੈਕਟ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਤੜਕੇ ਕਾਸਾਮਾਸੀਓਲਾ ਵਿਚ ਵਿਆਪਕ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਪੰਜ ਲੋਕ ਅਜੇ ਵੀ ਲਾਪਤਾ ਹਨ, ਜਿੰਨਾ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ ਇਮਾਰਤਾਂ ਢਹਿ ਗਈਆਂ ਅਤੇ ਸਮੁੰਦਰੀ ਕੰਢੇ ਖੜ੍ਹੇ ਵਾਹਨ ਰੁੜ੍ਹ ਗਏ।
ਦੂਜੇ ਪੀੜਤਾਂ ਦੀ ਪਛਾਣ ਨਵਜੰਮੇ ਬੱਚੇ ਦੇ ਮਾਤਾ-ਪਿਤਾ, ਪੰਜ ਸਾਲਾ ਕੁੜੀ ਅਤੇ ਉਸ ਦੇ 11 ਸਾਲਾ ਭਰਾ, ਟਾਪੂ 'ਤੇ ਰਹਿਣ ਵਾਲੇ 31 ਸਾਲਾ ਵਿਅਕਤੀ ਅਤੇ ਬੁਲਗਾਰੀਆਈ ਸੈਲਾਨੀ ਵਜੋਂ ਹੋਈ ਹੈ। ਇਟਲੀ ਦੇ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਲੂਕਾ ਕੈਰੀ ਨੇ ਆਰਏਆਈ ਸਟੇਟ ਟੀਵੀ ਨੂੰ ਦੱਸਿਆ ਕਿ ਹਰ ਪਾਸੇ ਚਿੱਕੜ ਅਤੇ ਪਾਣੀ ਹੈ। ਸਾਡੀਆਂ ਟੀਮਾਂ ਖੋਜ ਕਰ ਰਹੀਆਂ ਹਨ, ਹਾਲਾਂਕਿ ਇਹ ਬਹੁਤ ਮੁਸ਼ਕਲ ਹੈ।
ਛੋਟੇ ਬੁਲਡੋਜ਼ਰਾਂ ਨੇ ਬਚਾਅ ਵਾਹਨਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਦੇਣ ਲਈ ਪਹਿਲਾਂ ਸੜਕਾਂ ਨੂੰ ਸਾਫ਼ ਕੀਤਾ, ਜਦੋਂ ਕਿ ਗੋਤਾਖੋਰ ਅਮਲੇ ਨੂੰ ਉਨ੍ਹਾਂ ਕਾਰਾਂ ਦੀ ਜਾਂਚ ਕਰਨ ਲਈ ਤਾਇਨਾਤ ਕੀਤਾ ਗਿਆ ਸੀ ਜੋ ਸਮੁੰਦਰ ਵਿਚ ਰੁੜ ਗਈਆਂ ਸਨ। ਗੁਆਂਢੀ ਸ਼ਹਿਰ ਲੈ ਕੋ ਅਮੇਨੋ ਦੇ ਮੇਅਰ ਗਿਆਕੋਮੋ ਪਾਸਕੇਲ ਨੇ ਆਰਏਆਈ ਨੂੰ ਦੱਸਿਆ ਕਿ ਅਸੀਂ ਦੁਖੀ ਮਨ ਨਾਲ ਖੋਜ ਜਾਰੀ ਰੱਖ ਰਹੇ ਹਾਂ ਕਿਉਂਕਿ ਲਾਪਤਾ ਲੋਕਾਂ ਵਿਚ ਨਾਬਾਲਗ ਹਨ।" ਨੇਪਲਜ਼ ਦੇ ਪ੍ਰੀਫੈਕਟ ਕਲਾਉਡੀਓ ਪਾਲੋਮਬਾ ਨੇ ਐਤਵਾਰ ਨੂੰ ਕਿਹਾ ਕਿ 30 ਘਰ ਪਾਣੀ ਵਿਚ ਡੁੱਬ ਗਏ ਹਨ ਅਤੇ 200 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਪੰਜ ਲੋਕ ਜ਼ਖਮੀ ਹੋ ਗਏ।