ਭਾਰਤੀ ਵਿਅਕਤੀ ਨੇ ਬਰਤਾਨੀਆ ’ਚ KFC ਫਰੈਂਚਾਇਜ਼ੀ ਮੈਨੇਜਰ ਵਿਰੁਧ ਨਸਲੀ ਵਿਤਕਰੇ ਦਾ ਜਿੱਤਿਆ ਕੇਸ
ਅਦਾਲਤੀ ਫ਼ੈਸਲੇ ਮਗਰੋਂ ਪ੍ਰਾਪਤ ਕੀਤਾ 67,000 ਪੌਂਡ ਦਾ ਮੁਆਵਜ਼ਾ
ਲੰਡਨ: ਦਖਣੀ-ਪੂਰਬੀ ਲੰਡਨ ’ਚ ਕੇ.ਐਫ.ਸੀ. ਫਰੈਂਚਾਇਜ਼ੀ ਆਊਟਲੈੱਟ ’ਚ ਅਪਣੇ ਮੈਨੇਜਰ ਉਤੇ ਗਲਤ ਤਰੀਕੇ ਨਾਲ ਬਰਖਾਸਤਗੀ ਅਤੇ ਨਸਲੀ ਵਿਤਕਰੇ ਦਾ ਦੋਸ਼ ਲਾਉਣ ਵਾਲੇ ਇਕ ਭਾਰਤੀ ਵਿਅਕਤੀ ਨੇ ਅਪਣੇ ਹੱਕ ’ਚ ਅਦਾਲਤੀ ਫੈਸਲਾ ਸੁਣਾਉਣ ਤੋਂ ਬਾਅਦ ਲਗਭਗ 67,000 ਪੌਂਡ ਮੁਆਵਜ਼ਾ ਜਿੱਤਿਆ ਹੈ।
ਤਾਮਿਲਨਾਡੂ ਦੇ ਰਹਿਣ ਵਾਲੇ ਮਧੇਸ਼ ਰਵੀਚੰਦਰਨ ਨੇ ਰੁਜ਼ਗਾਰ ਟ੍ਰਿਬਿਊਨਲ ਦੀ ਸੁਣਵਾਈ ਨੂੰ ਦਸਿਆ ਕਿ ਉਸ ਦੇ ਸ਼੍ਰੀਲੰਕਾਈ ਤਾਮਿਲ ਬੌਸ ਨੇ ਉਸ ਨਾਲ ਵਿਤਕਰਾ ਕੀਤਾ ਅਤੇ ਉਸ ਉਤੇ ‘ਗੁਲਾਮ’ ਅਤੇ ‘ਭਾਰਤੀ ਧੋਖੇਬਾਜ਼ ਹਨ’ ਵਰਗੀਆਂ ਟਿਪਣੀਆਂ ਕੀਤੀਆਂ।
ਇਸ ਹਫਤੇ ਪ੍ਰਕਾਸ਼ਤ ਸੁਣਵਾਈ ਦੇ ਵੇਰਵਿਆਂ ’ਚ, ਟ੍ਰਿਬਿਊਨਲ ਦੇ ਜੱਜ ਪਾਲ ਐਬੋਟ ਨੇ ਨੈਕਸਸ ਫੂਡਜ਼ ਲਿਮਟਿਡ ਵਿਰੁਧ ਗਲਤ ਬਰਖਾਸਤਗੀ ਅਤੇ ਨਸਲੀ ਵਿਤਕਰੇ ਦੇ ਰਵੀਚੰਦਰਨ ਦੇ ਦਾਅਵੇ ਨੂੰ ਬਰਕਰਾਰ ਰੱਖਿਆ। ਫੈਸਲੇ ਵਿਚ ਕਿਹਾ ਗਿਆ ਹੈ, ‘‘ਦਾਅਵੇਦਾਰ ਨਾਲ ਘੱਟ ਅਨੁਕੂਲ ਸਲੂਕ ਕੀਤਾ ਗਿਆ ਸੀ। ਉਸ ਦੀਆਂ ਛੁੱਟੀਆਂ ਦੀ ਬੇਨਤੀ ਨੂੰ ਰੱਦ ਕਰ ਦਿਤਾ ਗਿਆ ਸੀ ਕਿਉਂਕਿ ਉਹ ਭਾਰਤੀ ਸੀ ਅਤੇ [ਰੈਸਟੋਰੈਂਟ ਮੈਨੇਜਰ] ਕਾਜਨ ਸ਼੍ਰੀਲੰਕਾ ਦੇ ਤਾਮਿਲ ਸਹਿਯੋਗੀਆਂ ਦੀਆਂ ਬੇਨਤੀਆਂ ਨੂੰ ਤਰਜੀਹ ਦੇਣਾ ਚਾਹੁੰਦਾ ਸੀ, ਅਤੇ ਉਸ ਨੂੰ ਇਕ ‘ਗੰਦਗੀ’ ਅਤੇ ‘ਗੁਲਾਮ’ ਕਿਹਾ ਗਿਆ ਸੀ ਜੋ ਉਸ ਦੀ ਨਸਲ ਦੇ ਕਾਰਨ ਸਵੈ-ਸਪੱਸ਼ਟ ਤੌਰ ਉਤੇ ਘੱਟ ਅਨੁਕੂਲ ਵਿਵਹਾਰ ਹੈ।’’
ਰਵੀਚੰਦਰਨ ਨੇ ਕਾਜਨ ਨਾਲ ਅਪਣੀ ਇੰਟਰਵਿਊ ਤੋਂ ਬਾਅਦ ਜਨਵਰੀ 2023 ਵਿਚ ਕੇ.ਐਫ.ਸੀ. ਦੇ ਵੈਸਟ ਵਿਕਹੈਮ ਆਉਟਲੈੱਟ ਵਿਚ ਕੰਮ ਸ਼ੁਰੂ ਕੀਤਾ। ਕਈ ਮਹੀਨਿਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਉਸੇ ਸਾਲ ਜੁਲਾਈ ਵਿਚ ਪਾਣੀ ਉਸ ਸਮੇਂ ਸਿਰ ਤੋਂ ਲੰਘ ਗਿਆ ਜਦੋਂ ਉਸ ਦੇ ਬੌਸ ਨੇ ਰਵੀਚੰਦਰਨ ਨੂੰ ਸ਼ਿਫਟ ਵਿਚ ਜ਼ਿਆਦਾ ਘੰਟੇ ਕੰਮ ਕਰਨ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਨੋਟਿਸ ਸੌਂਪ ਦਿਤਾ।