ਪਾਕਿਸਤਾਨ ਨੇ ਪਹਿਲੀ ਵਾਰੀ ਨੂਰ ਖਾਨ ਏਅਰਬੇਸ ਉਤੇ ਭਾਰਤੀ ਹਮਲੇ ਦੀ ਗੱਲ ਮੰਨੀ
ਉਪ ਪ੍ਰਧਾਨ ਮੰਤਰੀ ਨੇ ਇਸਹਾਕ ਡਾਰ ਨੇ ਕੀਤਾ ਕਬੂਲਨਾਮਾ
ਲਾਹੌਰ: ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਮੰਨਿਆ ਹੈ ਕਿ ਭਾਰਤ ਨੇ 10 ਮਈ ਦੀ ਤੜਕੇ ਉਸ ਦੇ ਨੂਰ ਖਾਨ ਏਅਰਬੇਸ ਉਤੇ ਹਮਲਾ ਕੀਤਾ ਸੀ। ਪਿਛਲੇ ਅੱਠ ਮਹੀਨਿਆਂ ’ਚ ਇਹ ਪਹਿਲੀ ਵਾਰੀ ਹੈ ਕਿ ਪਾਕਿਸਤਾਨ ਵਿਚ ਕਿਸੇ ਨੇ ਅਜਿਹਾ ਕਬੂਲਨਾਮਾ ਕੀਤਾ ਹੈ।
ਡਾਰ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਨੇ ਮਈ ਸੰਘਰਸ਼ ਦੌਰਾਨ ਪਾਕਿਸਤਾਨ ਅਤੇ ਭਾਰਤ ਵਿਚਾਲੇ ਵਿਚੋਲਗੀ ਦੀ ਬੇਨਤੀ ਨਹੀਂ ਕੀਤੀ ਸੀ, ਪਰ ਦਾਅਵਾ ਕੀਤਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨੇ ਨਵੀਂ ਦਿੱਲੀ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਪਹਿਲਗਾਮ ਹਮਲੇ ਦੇ ਬਦਲੇ ਵਿਚ ਭਾਰਤ ਨੇ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ, ਜਿਸ ਵਿਚ 26 ਨਾਗਰਿਕਾਂ ਦੀ ਮੌਤ ਹੋ ਗਈ ਸੀ।
ਇਨ੍ਹਾਂ ਹਮਲਿਆਂ ਨੇ ਦੋਹਾਂ ਦੇਸ਼ਾਂ ਵਿਚਾਲੇ ਚਾਰ ਦਿਨਾਂ ਤਕ ਤੀਬਰ ਝੜਪਾਂ ਸ਼ੁਰੂ ਕੀਤੀਆਂ ਅਤੇ 10 ਮਈ ਨੂੰ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਮਝੌਤੇ ਨਾਲ ਖਤਮ ਹੋਏ।
2025 ਦੌਰਾਨ ਪਾਕਿਸਤਾਨ ਦੀਆਂ ਰਣਨੀਤਕ ਸਰਗਰਮੀਆਂ ਦੀ ਜਾਣਕਾਰੀ ਦਿੰਦਿਆਂ ਡਾਰ ਨੇ ਕਿਹਾ, ‘‘ਭਾਰਤ ਵਲੋਂ ਭੇਜੇ ਗਏ 80 ਡਰੋਨਾਂ ਵਿਚੋਂ 79 ਡਰੋਨਾਂ ਨੂੰ 36 ਘੰਟਿਆਂ ਦੇ ਅੰਦਰ ਰੋਕ ਲਿਆ ਗਿਆ। ਇਸ ਤੋਂ ਬਾਅਦ ਭਾਰਤ ਨੇ 10 ਮਈ ਦੀ ਤੜਕੇ ਨੂਰ ਖਾਨ ਏਅਰਬੇਸ ਉਤੇ ਹਮਲਾ ਕਰਨ ਦੀ ਗਲਤੀ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿਤੀ।’’
ਡਾਰ ਨੇ ਕਿਹਾ ਕਿ 10 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਉਨ੍ਹਾਂ ਨੂੰ ਸਵੇਰੇ 8.17 ਵਜੇ ਫੋਨ ਕੀਤਾ, ਜਿਸ ’ਚ ਉਨ੍ਹਾਂ ਨੇ ਦਸਿਆ ਕਿ ਭਾਰਤ ਜੰਗਬੰਦੀ ਲਈ ਤਿਆਰ ਹੈ ਅਤੇ ਪੁਛਿਆ ਕਿ ਕੀ ਪਾਕਿਸਤਾਨ ਸਹਿਮਤ ਹੋਵੇਗਾ। ਡਾਰ ਨੇ ਕਿਹਾ, ‘‘ਮੈਂ ਕਿਹਾ ਸੀ ਕਿ ਅਸੀਂ ਕਦੇ ਵੀ ਜੰਗ ਵਿਚ ਨਹੀਂ ਜਾਣਾ ਚਾਹੁੰਦੇ।’’
ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਨੇ ਬਾਅਦ ’ਚ ਉਨ੍ਹਾਂ ਨਾਲ ਸੰਪਰਕ ਕਰ ਕੇ ਭਾਰਤ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ ਅਤੇ ਬਾਅਦ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੰਗਬੰਦੀ ਉਤੇ ਸਹਿਮਤੀ ਬਣ ਗਈ ਹੈ। ਡਾਰ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ 7 ਮਈ ਨੂੰ ਹਵਾਈ ਲੜਾਈ ਦੌਰਾਨ ਸੱਤ ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਿਆ ਸੀ। ਮੰਤਰੀ ਨੇ ਪਾਕਿਸਤਾਨ ਦੀ ਸਥਿਤੀ ਨੂੰ ਦੁਹਰਾਇਆ ਕਿ ਖੇਤਰ ਵਿਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ਨਾਲ ਜੁੜੀ ਹੋਈ ਹੈ।
‘ਆਪ੍ਰੇਸ਼ਨ ਸੰਧੂਰ’ ਦੌਰਾਨ ਪਾਕਿ ਰਾਸ਼ਟਰਪਤੀ ਨੂੰ ਤੁਰਤ ਬੰਕਰ ਵਿਚ ਜਾਣ ਦੀ ਸਲਾਹ ਦਿਤੀ ਗਈ ਸੀ
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੀ ਗਈ ਤੇਜ਼ ਤੇ ਸਟੀਕ ਜਵਾਬੀ ਕਾਰਵਾਈ ਨੇ ਪਾਕਿਸਤਾਨ ਦੇ ਸਿਖਰਲੇ ਸਿਆਸੀ ਅਤੇ ਫ਼ੌਜੀ ਲੀਡਰਸ਼ਿਪ ’ਚ ਭਾਰੀ ਦਹਿਸ਼ਤ ਪੈਦਾ ਕਰ ਦਿਤੀ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਸਵੀਕਾਰ ਕੀਤਾ ਹੈ ਕਿ ਭਾਰਤ ਦੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਉਨ੍ਹਾਂ ਦੇ ਮਿਲਟਰੀ ਸਕੱਤਰ ਨੇ ਉਨ੍ਹਾਂ ਨੂੰ ਦਸਿਆ ਸੀ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਤੁਰਤ ਬੰਕਰ ਵਿਚ ਜਾਣ ਦੀ ਸਲਾਹ ਦਿਤੀ ਗਈ ਸੀ। ਉਸ ਸਮੇਂ ਪਾਕਿਸਤਾਨ ਸੱਚਮੁੱਚ ਹਿੱਲ ਗਿਆ ਸੀ।
ਇਹ ਫ਼ੌਜੀ ਟਕਰਾਅ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿਚ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਸ ਦੇ ਜਵਾਬ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਨੇ ‘ਆਪ੍ਰੇਸ਼ਨ ਸੰਧੂਰ’ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿਚ ਸਥਿਤ ਨੌਂ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਈ ਫ਼ੌਜੀ ਟਿਕਾਣਿਆਂ ’ਤੇ ਵੀ ਸਟੀਕ ਹਮਲੇ ਕੀਤੇ।
ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਹਾਲਾਤ ਵਿਗੜਦੇ ਦੇਖ ਪਾਕਿਸਤਾਨ ਦੇ ਡੀ.ਜੀ.ਐਮ.ਓ ਨੇ ਭਾਰਤੀ ਡੀ.ਜੀ.ਐਮ.ਓ ਨੂੰ ਫ਼ੋਨ ਕਰ ਕੇ ਸੀਜ਼ਫ਼ਾਇਰ (ਗੋਲੀਬੰਦੀ) ਦਾ ਪ੍ਰਸਤਾਵ ਰਖਿਆ ਸੀ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਦੋਵਾਂ ਦੇਸ਼ਾਂ ਨੇ ਜ਼ਮੀਨ, ਹਵਾ ਅਤੇ ਸਮੁੰਦਰ ਤਿੰਨਾਂ ਮੋਰਚਿਆਂ ’ਤੇ ਫ਼ੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਪ੍ਰਗਟਾਈ ਸੀ। ਜ਼ਰਦਾਰੀ ਨੇ ਹੁਣ ਮੰਨਿਆ ਹੈ ਕਿ ਉਸ ਵੇਲੇ ਦੇਸ਼ ਦੇ ਵੱਡੇ ਆਗੂ ਵਿਦੇਸ਼ਾਂ ਵਿਚ ਜਾਣ ਲੱਗ ਪਏ ਸਨ।